ਚੰਡੀਗੜ੍ਹ (ਪੰਜ ਦਰਿਆ ਬਿਊਰੋ)

ਉਘੇ ਪੰਜਾਬੀ ਲੇਖਕ ਸ੍ਰ ਬਲਦੇਵ ਸਿੰਘ ਸੜਕਨਾਮਾ ਨੂੰ ਪੰਜਾਬ ਕਲਾ ਪਰਿਸ਼ਦ ਵਲੋਂ ਉਨਾ ਦੇ ਜਨਮ ਦਿਨ ਮੌਕੇ ਵਧਾਈ ਦਿਤੀ ਗਈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਬਲਦੇਵ ਸਿੰਘ ਦੇ ਪਾਠਕ ਭਾਗਾਂ ਵਾਲੇ ਹਨ ਕਿ ਬਲਦੇਵ ਸਿੰਘ ਦੀ ਨਵੀਂ ਕਿਤਾਬ ਹਰ ਸਾਲ ਵਾਂਗ ਹੀ ਉਨਾ ਦੇ ਹੱਥਾਂ ਵਿਚ ਹੁੰਦੀ ਹੈ। ਡਾ ਪਾਤਰ ਨੇ ਕਿਹਾ ਕਿ ਇਹ ਲੇਖਕ ਵਾਸਤੇ ਵੀ ਮਾਣਮੱਤੀ ਗੱਲ ਹੈ ਕਿ ਉਸਦੀ ਕਿਤਾਬ ਨੂੰ ਪਾਠਕ ਬੇਸਬਰੀ ਨਾਲ ਉਡੀਕਦੇ ਹਨ। ਉਨਾ ਬਲਦੇਵ ਸਿੰਘ ਦੇ ਪਾਠਕਾਂ ਨੂੰ ਵੀ ਉਨਾ ਦੇ ਚਹੇਤੇ ਲੇਖਕ ਦੇ ਜਨਮ ਦਿਨ ਮੁਬਾਰਕ ਆਖੀ ਹੈ ਤੇ ਲੇਖਕ ਦੀ ਲੰਬੀ ਤੰਦਰੁਸਤ ਉਮਰ ਦੀ ਕਾਮਨਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਕਿਹਾ ਕਿ ਬਲਦੇਵ ਸਿੰਘ ਇਕੋ ਸਮੇਂ ਸਾਡਾ ਪ੍ਰਮੁੱਖ ਨਾਵਲਕਾਰ, ਕਥਾ ਲੇਖਕ, ਨਾਟਕਕਾਰ ਤੇ ਵਾਰਤਾਕਾਰ ਹੈ। ਉਨਾ ਕਿਹਾ ਕਿ ਨਿਰੰਤਰ ਸਾਹਿਤ ਸਾਧਨਾ ਕਰਨ ਵਾਲੇ ਲੇਖਕਾਂ ਵਿਚ ਬਲਦੇਵ ਸਿੰਘ ਇਕ ਹਨ। ਡਾ ਯੋਗਰਾਜ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਬਲਦੇਵ ਸਿੰਘ ਦੀਆਂ ਲਿਖਤਾਂ ਨੂੰ ਆਪਣੀ ਖੋਜ ਦਾ ਅਧਾਰ ਬਣਾਇਆ ਹੈ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਬਲਦੇਵ ਸਿੰਘ ਨੂੰ ਮੁਬਾਰਕ ਦਿੰਦਿਆਂ ਆਖਿਆ ਕਿ ਬਲਦੇਵ ਸਿੰਘ ਸਾਹਿਤ ਪੱਖੋਂ ਤੇ ਨਾਲ ਨਾਲ ਸਿਹਤ ਪੱਖੋਂ ਵੀ ਚੇਤੰਨ ਵਿਆਕਤੀ ਹੈ। ਉਨਾ ਕਿਹਾ ਕਿ ਬਲਦੇਵ ਸਿੰਘ ਦੀਆਂ ਲਿਖਤਾਂ ਉਤੇ ਲਘੂ ਫਿਲਮਾਂ ਤੇ ਟੀ ਵੀ ਸੀਰੀਅਲ ਬਣਨੇ ਉਨਾ ਦੀ ਹਰਮਨ ਪਿਆਰਤਾ ਦਾ ਪ੍ਰਮਾਣ ਹਨ। ਡਾ ਜੌਹਲ ਨੇ ਬਲਦੇਵ ਸਿੰਘ ਨੂੰ ਸਰਗਰਮ ਲੇਖਕ ਆਖਿਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਬਲਦੇਵ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾ ਦੀਆਂ ਲਿਖਤਾਂ ਦੇ ਉਹ ਪ੍ਰਸ਼ੰਸਕ ਹਨ। ਬਲਦੇਵ ਸਿੰਘ ਦਾ ਕਾਲਮ ‘ਸੜਕਨਾਮਾ’ ਉਨਾ ਲਈ ਪ੍ਰੇਰਨਾ ਬਣਿਆ। ਅਜ ਪੰਜਾਬ ਕਲਾ ਪਰਿਸ਼ਦ ਆਪਣੇ ਮਹਿਬੂਬ ਲੇਖਕ ਨੂੰ ਸ਼ੁਭਕਾਮਨਾਵਾਂ ਦਿੰਦੀ ਹੈ।