2 C
United Kingdom
Saturday, March 7, 2026

More

    ਮਾਮਲਾ ਪਵਿੱਤਰ ਕੁਰਆਨ ਪਾਕ ਦੀ ਸ਼ਾਨ ‘ਚ ਗੁਸਤਾਖੀ ਕਰਨ ਦਾ

    ਵਸੀਮ ਰਿਜ਼ਵੀ ਖਿਲਾਫ ਮਲੇਰਕੋਟਲਾ ‘ਚ ਮੁਸਲਿਮ ਭਾਈਚਾਰੇ ਨੇ ਕੀਤਾ ਜ਼ਬਰਦਸ਼ਤ ਰੋਸ ਪ੍ਰਦਰਸ਼ਨ
       ਐਸ.ਡੀ.ਐਮ. ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜ ਕੇ ਕੀਤੀ ਕਾਰਵਾਈ ਦੀ ਮੰਗ

    ਮਲੇਰਕੋਟਲਾ, 25 ਜੂਨ (ਪੰਜ ਦਰਿਆ ਬਿਊਰੋ)-ਮੁਸਲਿਮ ਧਰਮ ਦੇ ਪਵਿੱਤਰ ਕੁਰਆਨ ਸ਼ਰੀਫ ਦੀ ਸ਼ਾਨ ‘ਚ ਵਾਰ-ਵਾਰ ਗੁਸਤਾਖੀਆਂ ਅਤੇ ਬੇ-ਅਦਬੀਆਂ ਕਰਕੇ ਭਾਰਤ ‘ਚ ਵਸਦੇ ਅਮਨ-ਪਸੰਦ ਮੁਸਲਮਾਨ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ੀਆ ਵਕਫ ਬੋਰਡ ਯੂ.ਪੀ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਖਿਲਾਫ ਦੇਸ਼ ਭਰ ਸਮੇਤ ਵਿਦੇਸ਼ਾਂ ‘ਚ ਵੀ ਜਿੱਥੇ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ ਉਥੇ ਹੀ ਵਸੀਮ ਰਿਜ਼ਵੀ ਵਿਰੁੱਧ ਮੁਕੱਦਮਾ ਦਰਜ ਕਰਕੇ ਤੁਰੰਤ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਇੱਕਠੇ ਹੋ ਕੇ ਮਲੇਰਕੋਟਲਾ ਦੇ ਸਰਹੰਦੀ ਗੇਟ ਚੌਂਕ ਵਿਖੇ ਕੜਕਦੀ ਧੁੱਪ ਤੇ ਗਰਮੀ ਦੇ ਬਾਵਜੂਦ ਮੁਸਲਿਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਰੋਸ਼ ਪ੍ਰਦਰਸ਼ਨ ਕਰਦਿਆਂ ਜਿੱਥੇ ਵਸੀਮ ਰਿਜ਼ਵੀ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਉੱਥੇ ਹੀ ਪ੍ਰਦਰਸ਼ਨ ‘ਚ ਪੁੱਜੇ ਸਥਾਨਕ ਐਸ.ਡੀ.ਐਮ. ਟੀ.ਬੈਨਿਥ ਰਾਹੀਂ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਮੈਮੋਰੰਡਮ ਭੇਜ ਕੇ ਰਿਜ਼ਵੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।ਰੋਸ ਧਰਨੇ ਨੂੰ ਮੁੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੁਫਤੀ-ਏ-ਆਜਮ ਪੰਜਾਬ ਹਜਰਤ ਇਰਤਕਾ-ਉਲ-ਹਸਨ ਕਾਂਧਲਵੀ, ਮੁਫਤੀ ਦਿਲਸ਼ਾਦ ਅਹਿਮਦ ਕਾਸਮੀ, ਮੌਲਾਨਾ ਮੁਹੰਮਦ ਆਜ਼ਮ, ਸ਼ਹਿਜ਼ਾਦ ਹੁਸੈਨ, ਮੁਕੱਰਮ ਸ਼ੈਫੀ ਅਤੇ ਐਕਸ਼ਨ ਕਮੇਟੀ ਦੇ ਪੰਜਾਬ ਸੂਬਾ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਲੋਂ ਦੇਸ਼ ਅੰਦਰ ਬੋਲਣ ਅਤੇ ਲਿਖਣ ਦੀ ਆਜ਼ਾਦੀ ਦੇ ਦਿੱੱਤੇ ਗਏ ਅਧਿਕਾਰਾਂ ਦਾ ਵਸੀਮ ਰਿਜ਼ਵੀ ਵਰਗੇ ਫਿਰਕੂ ਮਾਨਸਿਕਤਾ ਵਾਲੇ ਲੋਕਾਂ ਵਲੋਂ ਨਾਜ਼ਾਇਜ ਫਾਇਦਾ ਉਠਾਉਂਦੇ ਹੋਏ ਗਲਤ ਹਰਕਤਾਂ ਕਰਕੇ ਭਾਰਤ ਦੀ ਏਕਤਾ, ਅਖੰਡਤਾ, ਪਰਭੂਸੱਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਣ ਦੀਆਂ ਨਾਪਾਕ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।ਵਸੀਮ ਰਿਜ਼ਵੀ ਵਲੋਂ ਕੁਰਆਨ ਬਾਰੇ ਕੀਤੀ ਗਈ ਗਲਤ ਬਿਆਨਬਾਜ਼ੀ ਦੀ ਤਿੱਖੀ ਨਿੰਦਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰਿਜ਼ਵੀ ਨੇ ਪਵਿੱਤਰ ਕੁਰਆਨ ਪਾਕ ਦੀ ਗਲਤ ਵਿਆਖਿਆ ਕਰਕੇ ਭਾਰਤ ‘ਚ ਵਸਦੇ ਮੁਸਲਮਾਨਾਂ ਪ੍ਰਤੀ ਨਫਰਤ ਦਾ ਮਾਹੌਲ ਸਿਰਜਣ ਦੀ ਗੰਦੀ ਹਰਕਤ ਕੀਤੀ ਹੈ।ਲਗਾਤਾਰ ਅਜਿਹੀਆਂ ਹਰਕਤਾਂ ਕਰਕੇ ਰਿਜ਼ਵੀ ਦੇਸ਼ ‘ਚ ਅਮਨ ਨਾਲ ਰਹਿੰਦੇ ਮੁਸਲਮਾਨਾਂ ‘ਚ ਭੜਕਾਹਟ ਪੈਦਾ ਕਰਕੇ ਦੇਸ਼ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀਆਂ ਨਾਕਾਮ ਕੋਸ਼ਿਸਾਂ ਕਰਦਾ ਆ ਰਿਹਾ ਹੈ।ਉਪਰੋਕਤ ਬੁਲਾਰਿਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਰਿਜ਼ਵੀ ਦੀ ਅਰਜ਼ੀ ਨੂੰ ਭਾਵੇਂ ਪਹਿਲਾਂ ਹੀ ਖਾਰਿਜ਼ ਕਰਕੇ ਉਸਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ ਪਰੰਤੂ ਫਿਰ ਵੀ ਉਸਨੇ ਆਪਣੇ ਸ਼ੈਤਾਨੀ ਮਨਸੂਬਿਆਂ ਨੂੰ ਜ਼ਾਹਿਰ ਕਰਦਿਆਂ ਪਿਛਲੇ ਦਿਨਾਂ ‘ਚ ਖੁਦ ਹੀ ਪਵਿੱਤਰ ਕੁਰਆਨ ਦੀਆਂ 26 ਆਇਤਾਂ ਨੂੰ ਕੱਢਕੇ ਆਪਣੀ ਅਲੱਗ ਤੋਂ ਕੁਰਆਨ ਦੀ ਕਾਪੀ ਛਪਵਾਈ ਗਈ ਹੈ।ਕੁਰਆਨ ਦੀਆਂ ਉਕਤ 26 ਆਇਤਾਂ ਨੂੰ ਇਹ ਰਿਜ਼ਵੀ ਸ਼ੈਤਾਨ ਇਕ ਵੀਡੀਓ ਕਲਿੱਪ ਬਣਾ ਕੇ ਫਾੜਦਾ ਦਿਖਾਈ ਦੇ ਰਿਹਾ ਹੈ।ਰਿਜ਼ਵੀ ਦੀ ਇਸ ਹਰਕਤ ਨੇ ਭਾਰਤੀ ਮੁਸਲਮਾਨਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਵਸੀਮ ਰਿਜ਼ਵੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਮੁਸਲਿਮ ਭਾਈਚਾਰੇ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਵਸੀਮ ਰਿਜ਼ਵੀ ਵਲੋਂ ਛਾਪੀ ਗਈ ਉਕਤ ਕਿਤਾਬ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ।ਰੋਸ ਧਰਨੇ ਦੇ ਅੰਤ ‘ਚ ਉਪਰੋਕਤ ਮੁਸਲਿਮ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਵਸੀਮ ਰਿਜ਼ਵੀ ਖਿਲਾਫ ਜਲਦੀ ਕਾਰਵਾਈ ਅਮਲ ‘ਚ ਨਾ ਲਿਆਂਦੀ ਤਾਂ ਦੇਸ਼ ਭਰ ਦਾ ਮੁਸਲਿਮ ਭਾਈਚਾਰਾ ਆਪਣੇ ਤਰੀਕੇ ਨਾਲ ਰਿਜ਼ਵੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਕਾਨੂੰਨ ਦੇ ਸਿਕੰਜ਼ੇ ‘ਚ ਜਕੜੇਗਾ, ਕਿਉਂ ਕਿ ਕੋਈ ਵੀ ਮੁਸਲਮਾਨ ਪਵਿੱਤਰ ਕੁਰਆਨ ਪਾਕ ਦੀ ਸ਼ਾਨ ‘ਚ ਕਿਸੇ ਵੀ ਤਰ੍ਹਾਂ ਦੀ ਗੁਸ਼ਤਾਖੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ।ਇਸ ਰੋਸ ਧਰਨੇ `ਚ ਹੋਰਨਾਂ ਤੋਂ ਇਲਾਵਾ ਜਮੀਲ-ਉਰ-ਰਹਿਮਾਨ, ਸੇਵਾਮੁਕਤ ਸੁਪਰਡੈਂਟ ਮੁਹੰਮਦ ਅਖਲਾਕ, ਮੁਹੰਮਦ ਸ਼ਮਸਾਦ ਝੋਕ, ਕਾਮਰੇਡ ਮੁਹੰਮਦ ਇਲਿਆਸ, ਮੋਹਨ ਸਿੰਘ, ਮੁਹੰਮਦ ਫਿਰੋਜ ਫੌਜੀ, ਜਾਹਿਦ ਖਾਂ, ਐਡਵੋਕੇਟ ਮੁਹੰਮਦ ਆਦਿਲ, ਐਡਵੋਕੇਟ ਗਜ਼ਨੱਫਰ, ਡਾ.ਅਬਦੁੱਲ ਗੱਫਾਰ, ਰਾਸ਼ਿਦ ਹਾਰੂਨ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!