ਮਿਹਨਤੀ ਸਟਾਫ ਸਦਕਾ ਸਕੂਲ ਦੇ ਬੱਚੇ ਸਟੇਟ ਲੈਵਲ ਤੱਕ ਪਹੁੰਚੇ
ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਵਿੱਚ ਮਾਸਟਰ ਗੁਰਸ਼ਰਨ ਸਿੰਘ ਤੇ ਮੈਡਮ ਸੰਦੀਪ ਕੌਰ ਦਾ ਖਾਸ ਯੋਗਦਾਨ

ਚੋਹਲਾ ਸਾਹਿਬ/ਤਰਨਤਾਰਨ,24 ਜੂਨ (ਨਈਅਰ)
ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਲਈ ਵੀ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ।ਅਜਿਹੀਆਂ ਹੀ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਬਲਾਕ ਚੋਹਲਾ ਸਾਹਿਬ ਦਾ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਮਹਿਰ।ਸਕੂਲ ਦਾ ਸਮੂਹ ਸਟਾਫ਼ ਸਿਰੜੀ ਤੇ ਮਿਹਨਤੀ ਹੈ ਜੋ ਕਿ ਪੂਰੇ ਬਲਾਕ ਲਈ ਇੱਕ ਮਾਣ ਦੀ ਗੱਲ ਹੈ। ਸਕੂਲ ਮੁਖੀ ਹਰਭਿੰਦਰ ਸਿੰਘ ਨੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਦਿਨੇਸ਼ ਸ਼ਰਮਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਵਿੱਦਿਅਕ ਮੁਕਾਬਲਿਆਂ ਦੀ ਖਾਸ ਤੌਰ ਤੇ ਤਿਆਰੀ ਕਰਵਾਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਅਕਾਦਮਿਕ ਸਿਲੇਬਸ ਵਿੱਚ ਹਰ ਵਰਗ ਦੇ ਵਿਦਿੱਅਕ ਮੁਕਾਬਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਵਿੱਚ ਮਾਸਟਰ ਗੁਰਸ਼ਰਨ ਸਿੰਘ ਅਤੇ ਮੈਡਮ ਸੰਦੀਪ ਕੌਰ ਦਾ ਖਾਸ ਯੋਗਦਾਨ ਹੈ। ਮਿਹਨਤੀ ਸਟਾਫ਼ ਸਦਕਾ ਸਕੂਲ ਦੇ ਬੱਚੇ ਪਹਾੜਿਆਂ ਦੇ ਮੁਕਾਬਲੇ ਵਿੱਚ ਸਟੇਟ ਲੈਵਲ ਤੱਕ ਪਹੁੰਚੇ ਹਨ,ਜਿਸ ਨਾਲ ਬਲਾਕ ਦਾ ਹੀ ਨਹੀਂ ਪੂਰੇ ਜਿਲ੍ਹੇ ਦਾ ਨਾਮ ਰੋਸ਼ਨਾਇਆ ਹੈ।ਸਕੂਲ ਮੁਖੀ ਹਰਭਿੰਦਰ ਸਿੰਘ ਨੇ ਦੱਸਿਆ ਹਾਲ ਈ ਵਿੱਚ ਲਾਕਡਾਉਨ ਤੋਂ ਠੀਕ ਪਹਿਲਾਂ ਇੱਕ ਬੱਚਾ ਮਾਡਲ ਕੰਪੀਟੀਸ਼ਨ ਵਿੱਚ ਪਹਿਲੇ ਸਥਾਨ ‘ਤੇ ਰਿਹਾ।ਉਨ੍ਹਾਂ ਜਾਣਕਾਰੀ ਦਿੱਤੀ ਕਿ ਜਵਾਹਰ ਨਵੋਦਿਆ ਵਿੱਚ ਦਾਖਲੇ ਲਈ ਬੱਚਿਆਂ ਨੂੰ ਖਾਸ ਤੌਰ ਤਿਆਰੀ ਕਰਵਾਈ ਜਾਂਦੀ ਹੈ, ਜਿਸ ਨਾਲ ਹਰ ਸਾਲ ਕਾਫ਼ੀ ਬੱਚੇ ਟੈਸਟ ਕਲੀਅਰ ਕਰਕੇ ਨਵੋਦਿਆ ਸਕੂਲ ਵਿੱਚ ਦਾਖਲ ਹੁੰਦੇ ਹਨ।ਸਕੂਲ ਦੇ ਬੱਚੇ ਖੇਡਾਂ ਵਿੱਚ ਵੀ ਆਪਣਾ ਲੋਹਾ ਮਨਵਾਉਂਦੇ ਹਨ। ਤੈਰਾਕੀ ਵਿੱਚ ਸਕੂਲ ਚੱਕ ਮਹਿਰ ਦੇ ਬੱਚਿਆਂ ਨੇ ਖਾਸ ਛਾਪ ਛੱਡੀ ਹੈ। ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਨੇ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਮਹਿਰ ਬਲਾਕ ਚੋਹਲਾ ਸਾਹਿਬ ਦੀ ਸ਼ਾਨ ਹੈ। ਬੱਚਿਆਂ ਅਤੇ ਸਕੂਲ ਸਟਾਫ਼ ਦੀ ਅਣਥੱਕ ਮਿਹਨਤ ਸਦਕਾ ਬਲਾਕ ਚੋਹਲਾ ਸਾਹਿਬ ਦਾ ਨਾਮ ਸਟੇਟ ਦੇ ਮੁਕਾਬਲਿਆਂ ਵਿੱਚ ਆਪਣੀ ਹਾਜਰੀ ਲਵਾਉਂਦਾ ਹੈ।ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਮਹਿਰ ਦੇ ਬੱਚੇ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਦੇ ਨਾਮੀ ਵਿਦਿੱਅਕ ਮੁਕਾਬਲਿਆਂ ਵਿੱਚ ਅਨੇਕਾਂ ਮੱਲਾਂ ਮਾਰ ਚੁੱਕੇ ਹਨ।ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਬੱਚੇ ਸਕੂਲ ਦਾ ਅਤੇ ਬਲਾਕ ਚੋਹਲਾ ਸਾਹਿਬ ਦਾ ਨਾਮ ਰੋਸ਼ਨ ਕਰਨਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਮਹਿਰ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਇੰਜ ਹੀ ਆਪਣੀ ਮਿਹਨਤ ਜਾਰੀ ਰੱਖਣਗੇ।