ਅਮਰਜੀਤ ਕੌਰ ਮੋਰਿੰਡਾ
ਅਸੀਂ ਜੱਗ ਉੱਤੇ ਆਏ
ਲਿਖਾ ਕੇ ਧੁਰ ਤੋਂ ਜ਼ਿੰਮੇਵਾਰੀ।
ਚਿੰਤਾ ਰਹਿੰਦੀ ਰੋਟੀ ਦੀ
ਬਾਪੂ ਦੇ ਸਿਰ ਕਰਜ਼ਾ ਭਾਰੀ।

ਸਾਡੇ ਲਈ ਸੁਪਨਾ ਏ
ਹਾਸਾ ,ਖੇਡਾਂ, ਮੌਜ, ਪੜ੍ਹਾਈ।
ਹਰ ਵੇਲੇ ਰਹਿੰਦੀ ਏ
ਸਾਡੀ ਜਾਨ ਮੁੱਠੀ ਵਿੱਚ ਆਈ।
ਸਾਡੇ ਚਾਅ, ਰੀਝਾਂ, ਖ਼ੁਸ਼ੀਆਂ,
ਸਾਰੇ ਹੋਏ ਬੰਦ ਪਟਾਰੀ।
ਚਿੰਤਾ ਰਹਿੰਦੀ ਰੋਟੀ ਦੀ
ਬਾਪੂ ਦੇ ਸਿਰ ਕਰਜ਼ਾ ਭਾਰੀ।
ਸਾਨੂੰ ਬਚਪਨ ਦੀ ਰੁੱਤੇ ,
ਪੈਂਦੀ ਮਾਰ ਮਿਲਦੀਆਂ ਗਾਲ੍ਹਾਂ।
ਚੁੱਪ ਕਰਕੇ ਸਹਿ ਲੈਂਦੇ
ਸਮਝ ਕੇ ਅਸੀਂ ਕਿਉਂ ਨਾਲਾਂ।
ਸਾਨੂੰ ਮਿਲਦੀ ਨਾ ਛੁੱਟੀ
ਰਹੇ ਕੰਮ ਬਾਰਾਂ ਘੰਟੇ ਜਾਰੀ।
ਚਿੰਤਾ ਰਹਿੰਦੀ ਰੋਟੀ ਦੀ
ਬਾਪੂ ਦੇ ਸਿਰ ਕਰਜ਼ਾ ਭਾਰੀ।
ਕਦੇ ਕਿਸੇ ਵੇਖੀਆਂ ਨਾ
ਸਾਡੇ ਪੈਰਾਂ ਦੀਆਂ ਬਿਆਈਆਂ।
ਤਨ ਢਕਣ ਲਈ ਆਪਣਾ
ਹਮੇਸ਼ਾ ਲੀਰਾਂ ਹੀ ਹੰਢਾਈਆਂ।
ਹਰ ਵੇਲੇ ਰਹਿੰਦੀ ਹੈ
ਸਾਡੇ ਸਿਰ ਦੁੱਖਾਂ ਦੀ ਖਾਰੀ।
ਚਿੰਤਾ ਰਹਿੰਦੀ ਰੋਟੀ ਦੀ
ਬਾਪੂ ਦੇ ਸਿਰ ਕਰਜ਼ਾ ਭਾਰੀ।
ਮਿਲੇ ਰੁੱਖੀ-ਸੁੱਕੀ ਜੋ ਖਾ ਕੇ
ਰੱਬ ਦਾ ਸ਼ੁਕਰ ਮਨਾਈਏ ।
ਧਰਤੀ ਤੇ ਸੁੱਟ ਬੋਰੀ
ਪੈਂਦੇ ਸਾਰ ਘੂਕ ਸੌਂ ਜਾਈਏ।
ਨੰਗੇ ਤਨ ਤੇ ਸਹਿੰਦੇ ਹਾਂ
ਜੇਠ ਦੀ ਗਰਮੀ ਪੋਹ ਦੀ ਠਾਰੀ।
ਚਿੰਤਾ ਰਹਿੰਦੀ ਰੋਟੀ ਦੀ
ਬਾਪੂ ਦੇ ਸਿਰ ਤੇ ਕਰਜ਼ਾ ਭਾਰੀ।