ਮਿੰਟੂ ਖੁਰਮੀ ਹਿੰਮਤਪੁਰਾ
ਇਨਸਾਨ ਨਹੀਂ ਬਣੀ ਤਣੀ ਸੰਸਥਾ ਹੈ ਗੁਰਵਿੰਦਰ ਸ਼ਰਮਾ ਬਠਿੰਡਾ
ਕਰੋਨਾ ਦੀ ਮਹਾਂਮਾਰੀ ਦੇ ਕਾਰਨ ਲੱਗੇ ਕਰਫ਼ਿਊ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ, ਉੱਥੇ ਹੀ ਬਠਿੰਡਾ ਦੇ ਉੱਘੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦੀ ਟੀਮ ਆਪਣੇ ਇਲਾਕੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹੈ । ਗੁਰਵਿੰਦਰ ਸ਼ਰਮਾ ਜੀ ਅਤੇ ਸਹਿਯੋਗ ਵੈੱਲਫੇਅਰ ਕਲੱਬ ਦੀ ਟੀਮ ਦਿਨ ਰਾਤ ਲੋੜਵੰਦਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੀ ਹੈ ।

ਇਨ੍ਹਾਂ ਦੀ ਟੀਮ ਵੱਲੋਂ ਰੋਜ਼ਾਨਾ ਲਗਭਗ ਇੱਕ ਹਜ਼ਾਰ ਲੋਕਾਂ ਨੂੰ ਸਵੇਰੇ ਸ਼ਾਮ ਰੋਟੀ, ਦਾਲ ਅਤੇ ਚਾਵਲ ਆਦਿ ਦਾ ਲੰਗਰ ਤਿਆਰ ਕਰਕੇ ਖਵਾਇਆ ਜਾਂਦਾ ਹੈ। ਇਸ ਟੀਮ ਵੱਲੋਂ ਗਰੀਬ ਮਰੀਜ਼ਾਂ ਨੂੰ ਦਵਾਈਆਂ ਆਦਿ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਗੁਰਵਿੰਦਰ ਸ਼ਰਮਾ ਵੱਲੋਂ ਲੋੜਵੰਦ ਮਰੀਜ਼ ਜੋ ਕਰਫ਼ਿਊ ਦੇ ਵਿੱਚ ਜਾਂ ਆਰਥਿਕ ਤੰਗੀ ਦੇ ਕਾਰਨ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਸਕਦੇ , ਉਨ੍ਹਾਂ ਮਰੀਜ਼ਾਂ ਨੂੰ ਵੀ ਹਸਪਤਾਲ ਦਾਖਲ ਕਰਵਾ ਕੇ ਉਨ੍ਹਾਂ ਦੇ ਇਲਾਜ ਦਾ ਪੂਰਾ ਖਰਚਾ ਚੁੱਕਿਆ ਜਾਂਦਾ ਹੈ।

ਸਮਾਜ ਸੇਵੀ ਗੁਰਵਿੰਦਰ ਸ਼ਰਮਾ ਜਿੱਥੇ ਮਨੁੱਖੀ ਜ਼ਿੰਦਗੀਆਂ ਬਚਾਉਣ ਦੇ ਲਈ ਆਪਣਾ ਸਮਾਂ ਲਗਾ ਰਹੇ ਹਨ, ਉੱਥੇ ਹੀ ਜੀਵ ਰੱਖਿਆ ਦੀ ਵੀ ਤਹਿ ਦਿਲੀ ਨਾਲ ਸੇਵਾ ਨਿਭਾ ਰਹੇ ਹਨ। ਗਰਮੀ ਵਧਣ ਦੇ ਨਾਲ ਸੱਪ, ਗੋਹ, ਚੰਨਣ ਗਹਿਰਾ ਆਦਿ ਜੰਗਲੀ ਜੀਵ ਰਿਹਾਇਸ਼ੀ ਇਲਾਕਿਆਂ ਘਰਾਂ ਆਦਿ ਵਿੱਚ ਆ ਵੜਦੇ ਹਨ। ਜਿਨ੍ਹਾਂ ਨੂੰ ਗੁਰਵਿੰਦਰ ਸ਼ਰਮਾ ਵੱਲੋਂ ਸੁਰੱਖਿਅਤ ਢੰਗ ਦੇ ਨਾਲ ਕਾਬੂ ਕਰਕੇ ਖੁੱਲ੍ਹੇ ਕੁਦਰਤੀ ਵਾਤਾਵਰਨ ਅਤੇ ਆਬਾਦੀ ਤੋਂ ਦੂਰ ਛੱਡਿਆ ਜਾਂਦਾ ਹੈ। ਗੁਰਵਿੰਦਰ ਸ਼ਰਮਾ ਵੱਲੋਂ ਹੁਣ ਤੱਕ ਸੈਂਕੜੇ ਵੱਖ ਵੱਖ ਨਸਲ ਦੇ ਸੱਪਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਰਿਹਾਇਸ਼ ਤੋਂ ਦੂਰ ਛੱਡਿਆ ਗਿਆ ਹੈ ।
ਸ਼ਾਲਾ !! ਗੁਰਵਿੰਦਰ ਸ਼ਰਮਾ ਇਸੇ ਤਰ੍ਹਾਂ ਗੁਲਾਬ ਵਾਂਗ ਮਹਿਕਦਾ ਰਹੇ।
