ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ ਦਸਵੰਧ ਫਾਉੂਂਡੇਸ਼ਨ ਵੱਲੋਂ ਭੇਂਟ ਕੀਤੇ ਗਏ ਕੰਸਟਨਟਰੇਟਰ : ਐਸ.ਡੀ.ਐਮ. ਮਲੇਰਕੋਟਲਾ

ਮਲੇਰਕੋਟਲਾ, 12 ਜੂਨ (ਪੰਜ ਦਰਿਆ ਬਿਊਰੋ)- ਕੋਰੋਨਾ ਮਹਾਂਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਵੱਲੋਂ ਵਿੱਢੀ ਗਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦਿਆਂ ਦਸਵੰਧ ਫਾਊਂਡੇਸ਼ਨ ਆਸਟੇ੍ਰਲੀਆ ਜੋ ਸ੍ਰੀ ਰਾਜਵਿੰਦਰ ਬਾਵਾ ਵਾਸੀ ਪਰਥ (ਆਸਟੇ੍ਰਲੀਆ) ਦੀ ਅਗਵਾਈ ਹੇਠ ਚੱਲ ਰਹੀ ਹੈ ਦੀ ਸਥਾਨਕ ਇਕਾਈ ਦੇ ਆਗੂਆਂ ਨੇ ਅੱਜ ਲਗਭਗ 5 ਲੱਖ ਰੁਪਏ ਦੀ ਲਾਗਤ ਦੇ ਪੰਜ ਕੰਸਟਨਟਰੇਟਰ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ. ਬੈਨਿਥ ਆਈ.ਏ.ਐਸ. ਦੀ ਹਾਜ਼ਰੀ ਵਿਚ ਐਸ.ਐਮ.ਓ. ਸਿਵਲ ਹਸਪਤਾਲ ਮਲੇਰਕੋਟਲਾ ਦੇ ਮੁਖੀ ਡਾ: ਮੁਹੰਮਦ ਅਖਤਰ ਨੂੰ ਭੇਂਟ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਦਸਵੰਧ ਫਾਊਂਡੇਸ਼ਨ ਆਸਟੇ੍ਰਲੀਆ ਦੇ ਸਥਾਨਕ ਇਕਾਈ ਦੇ ਆਗੂ ਸ. ਅੰਮ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ ਭੁਰਥਲਾ ਮੰਡੇਰ, ਰਮਨੀਕ ਸੂਦ (ਮੋਗਾ) ਨੇ ਅੱਜ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਮਲੇਰਕੋਟਲਾ ਵਿਚ ਪਹੁੰਚਕੇ ਇਹ ਕੰਸਟਨਟਰੇਟਰ ਭੇਂਟ ਕੀਤੇ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਇਹ ਕੰਸਟਨਟਰੇਟਰ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ। ਸ੍ਰੀ ਬੈਨਿਥ ਨੇ ਦਸਵੰਧ ਫਾਊਂਡੇਸ਼ਨ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਦੌਰਾਨ ਫਾਊਂਡੇਸ਼ਨ ਵੱਲੋਂ ਜੋ ਇਹ ਲੋਕ ਭਲਾਈ ਦੀ ਸੇਵਾ ਨਿਭਾਈ ਗਈ ਹੈ ਉਹ ਸ਼ਲਾਘਾਯੋਗ ਹੈ।ਇਸ ਸਮੇਂ ਸ੍ਰੀ ਬੈਨਿਥ ਨੇ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਦੇ ਕੰਮ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਲੋਕ ਵੀ ਪ੍ਰਸ਼ਾਸਨ ਦਾ ਸਹਿਯੋਗ ਅਤੇ ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲਣ।ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਹੈ ਤਾਂ ਮਾਸਕ ਲਗਾ ਕੇ ਬਾਹਰ ਨਿਕਲੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਉਪਰ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।ਇਸ ਸਮੇਂ ਦਸਵੰਧ ਫਾਊਂਡੇਸ਼ਨ ਦੇ ਆਗੂ ਸ. ਅੰੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦਸਵੰਧ ਫਾਊਂਡੇਸ਼ਨ ਆਸਟੇ੍ਰਲੀਆ ਸ. ਰਾਜਵਿੰਦਰ ਬਾਵਾ ਪਰਥ (ਆਸਟੇ੍ਰਲੀਆ) ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਅੱਗੇ ਆਈ ਹੈ।