ਜ਼ਿਲਾ ਬਣਨ ਨਾਲ ਮਾਲੇਰਕੋਟਲਾ ਦੀ ਪਹਿਚਾਣ ਪੂਰੀ ਦੁਨੀਆਂ ਤੱਕ ਹੋਵੇਗੀ: ਸ਼ਰੀਫ ਗਿੱਲ

ਮਾਲੇਰਕੋਟਲਾ, 8 ਜੂਨ (ਪੰਜ ਦਰਿਆ ਬਿਊਰੋ)- ਪੰਜਾਬ ਦਾ 23ਵਾਂ ਨਵਾਂ ਜ਼ਿਲਾ ਮਾਲੇਰਕੋਟਲਾ ਬਣਨ ਦੀ ਖੁਸ਼ੀ ‘ਚ ਅੱਜ ਥਾਂ-ਥਾਂ ਲੱਡੂ ਵੰਡੇ ਗਏ ਅਤੇ ਲੋਕਾਂ ‘ਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਸਥਾਨਕ ਕਮਲ ਸਿਨੇਮਾ ਰੋਡ ‘ਤੇ ਸਥਿਤ ਮਸ਼ਹੂਰ “ਰਾਹੀ ਸਵੀਟਸ” ਵੱਲੋਂ ਸਪੈਸ਼ਲ ਪ੍ਰਿੰਟਿਡ ਡੱਬਿਆਂ ‘ਚ ਪੈਕ ਕਰਕੇ ਲੱਡੂ ਵੰਡੇ ਗਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।ਗੱਲਬਾਤ ਦੌਰਾਨ ਰਾਹੀ ਸਵੀਟਸ ਦੇ ਮਾਲਕ ਮੁਹੰਮਦ ਸ਼ਰੀਫ ਗਿੱਲ ਨੇ ਦੱਸਿਆ ਕਿ ਉਨਾਂ ਨੂੰ ਅੱਜ ਮਾਲੇਰਕੋਟਲਾ ਦੇ ਬਾਕਾਇਦਾ ਜ਼ਿਲਾ ਬਣਨ ‘ਤੇ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਜ਼ਿਲਾ ਬਣਨ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਮੁਬਾਰਕਬਾਦ ਦਿੰਦੇ ਹਨ। ਉਨਾਂ ਹੋਰ ਕਿਹਾ ਕਿ ਜ਼ਿਲਾ ਬਣਨ ਨਾਲ ਮਾਲੇਰਕੋਟਲੇ ਦਾ ਨਾਂ ਪੂਰੇ ਸੰਸਾਰ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ।ਉਨਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮਾਂ ਲਈ ਸੰਗਰੂਰ ਜਾਣਾ ਪੈਂਦਾ ਸੀ ਅਤੇ ਹੁਣ ਉਨਾਂ ਦੇ ਉਹ ਸਾਰੇ ਕੰਮ ਮਾਲੇਰਕੋਟਲਾ ‘ਚ ਹੀ ਹੋ ਜਾਇਆ ਕਰਨਗੇ।ਜਦੋਂ ਕਿ ਮਾਸਟਰ ਮੁਹੰਮਦ ਸ਼ਫੀਕ ਦਿੱਲੀ ਵਾਲਿਆਂ ਨੇ ਕਿਹਾ ਕਿ ਮਾਲੇਰਕੋਟਲਾ ਇੱਕ ਇਤਿਹਾਸਿਕ ਧਰਤੀ ਹੈ ਜਿਸ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਮੈਡਮ ਰਜ਼ੀਆ ਸੁਲਤਾਨਾ ਨੇ ਜ਼ਿਲੇ ਦਾ ਦਰਜਾ ਦੇ ਕੇ ਦਿੱਤਾ ਹੈ।ਉਨਾਂ ਕਿਹਾ ਕਿ ਜ਼ਿਲਾ ਬਣਨ ਨਾਲ ਮਾਲੇਰਕੋਟਲਾ ਦੀ ਚਹੁ-ਤਰਫਾ ਤਰੱਕੀ ਹੋਵੇਗੀ ਅਤੇ ਇੱਥੋਂ ਦਾ ਨਾਂਅ ਦੁਨੀਆਂ ਭਰ ‘ਚ ਜਾਏਗਾ।