
ਬਾਬਾ ਸਾਹਿਬ ਦੇ ਨਾਮ ਤੇ ਜਲਦੀ ਹੀ ਕੀਤੀ ਜਾਵੇਗੀ ਲਾਇਬਰੇਰੀ ਸਥਾਪਤ
ਹੁਸ਼ਿਆਰਪੁਰ/ ਸ਼ਾਮ ਚੁਰਾਸੀ,( ਕੁਲਦੀਪ ਚੁੰਬਰ )-
ਪਿੰਡ ਧੁਦਿਆਲ ਦੀ ਡਾ. ਅੰਬੇਡਕਰ ਵੈੱਲਫੇਅਰ ਸੋਸਾਇਟੀ ਵੱਲੋਂ ਬੱਚਿਆਂ ਨੂੰ ਭੀਮ ਮਿਸ਼ਨ ਨਾਲ ਜੋੜਨ ਲਈ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਬੱਚਿਆਂ ਨੇ ਹੁਮ ਹੁਮਾ ਕੇ ਸ਼ਿਰਕਤ ਕੀਤੀ । ਬੱਚਿਆਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਉਨ੍ਹਾਂ ਦੀ ਫਿਲਾਸਫੀ ਨਾਲ ਜੋੜਨ ਲਈ ਇੱਕ ਸਾਰਥਿਕ ਉਪਰਾਲਾ ਪਿੰਡ ਦੇ ਨੌਜਵਾਨ ਸਾਥੀਆਂ ਵੱਲੋਂ ਕੀਤਾ ਗਿਆ । ਇਸ ਮੌਕੇ ਪਿੰਡ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ , ਜਿਨ੍ਹਾਂ ਨੂੰ ਕੋਵਿਡ ੧੯ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਸੋਸ਼ਲ ਡਿਸਟੈਂਸ ਨਾਲ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਮੰਚ ਤੇ ਇੰਟਰੋਡਿਊਸ ਕੀਤਾ ਗਿਆ l ਇਸ ਮੌਕੇ ਬੱਚਿਆਂ ਨੇ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਮੰਚ ਤੇ ਆਕੇ ਆਪਣੇ ਵੱਲੋਂ ਜੈ ਭੀਮ ਜੈ ਭਾਰਤ ਦੇ ਸਿਰਨਾਵੇਂ ਹੇਠ ਕਾਰਜਸ਼ੀਲ ਹੋਣ ਦੀ ਵਚਨਬੱਧਤਾ ਲਈ l ਇਸ ਮੌਕੇ ਮਿਸ਼ਨਰੀ ਸਾਥੀ ਪਰਗਟ ਸਿੰਘ ਚੁੰਬਰ , ਕੁਲਦੀਪ ਚੁੰਬਰ, ਮਨੀ ਭਾਟੀਆ ਅਤੇ ਪ੍ਰੀਤੀ ਚੁੰਬਰ ਵਲੋਂ ਬੱਚਿਆਂ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਭਾ ਦੇ ਬੁਲਾਰਿਆਂ ਨੇ ਇਹ ਵੀ ਕਿਹਾ ਕੇ ਜਲਦ ਹੀ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਥੱਲੇ ਬਣਾਏ ਗਏ ਲੰਗਰ ਹਾਲ ਦੇ ਵਿਚ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਨਾਮ ਤੇ ਇਕ ਲਾਇਬਰੇਰੀ ਸਥਾਪਤ ਕੀਤੀ ਜਾਵੇਗੀ । ਜਿਸ ਵਿੱਚ ਭਾਰਤ ਦੇ ਮਹਾਨ ਪੈਰੋਕਾਰਾਂ ,ਬੁੱਧੀਜੀਵੀਆਂ ,ਵਿਦਵਾਨਾਂ ਅਤੇ ਸਮਾਜਿਕ ਜੁਝਾਰੂ ਲੇਖਕਾਂ ਦੀਆਂ ਕਿਤਾਬਾਂ ਜਿਨ੍ਹਾਂ ਨੇ ਆਪਣਾ ਜੀਵਨ ਦੱਬੇ ਕੁਚਲੇ ਸਮਾਜ ਦੇ ਹਿੱਤ ਵਿਚ ਸੰਘਰਸ਼ ਕਰਦਿਆਂ ਬਿਤਾਇਆ ਦੀਆਂ ਖੋਜ ਭਰਪੂਰ ਪੁਸਤਕਾਂ ਇਸ ਲਾਇਬਰੇਰੀ ਵਿੱਚ ਰੱਖੀਆਂ ਜਾਣਗੀਆਂ ਜਿੱਥੇ ਬੱਚੇ ਆਪਣੇ ਗਿਆਨ ਦਾ ਵਾਧਾ ਕਰਨਗੇ ਅਤੇ ਅਤੇ ਆਪਣੇ ਰਹਿਬਰਾਂ ਦੇ ਕੀਤੇ ਉਸ ਮਹਾਨ ਮਿਸ਼ਨ ਜੀਵਨ ਫਲਸਫੇ ਨਾਲ ਕਿਤਾਬਾਂ ਪੜ੍ਹਕੇ ਜੁਡ਼ਨਗੇ ।