ਜ਼ਿਲੇ ਨਾਲ ਸਬੰਧਤ ਲੋਕਾਂ ਨੂੰ ਪ੍ਰਸ਼ਾਸ਼ਨਿਕ ਖੱਜਲ ਖੁਆਰੀਆਂ ਤੋਂ ਮਿਲੇਗੀ ਨਿਜ਼ਾਤ

ਮਾਲੇਰਕੋਟਲਾ, 3 ਜੂਨ (ਪੰਜ ਦਰਿਆ ਬਿਊਰੋ)– ਇਤਿਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਪੰਜਾਬ ਸਰਕਾਰ ਵਲੋਂ 23ਵਾਂ ਜ਼ਿਲਾ ਬਣਾ ਦਿੱਤਾ ਗਿਆ ਹੈ । ਜ਼ਿਲਾ ਮਾਲੇਰਕੋਟਲਾ ਦੇ 192 ਪਿੰਡਾਂ ਵਾਲੇ ਇਸ ਜ਼ਿਲੇ ਦੀ ਵਾਗਡੋਰ ਔਰਤਾਂ ਦੇ ਹੱਥ ’ਚ। ਜਿਕਰਯੋਗ ਹੈ ਕਿ ਇੱਥੋਂ ਦੀ ਵਿਧਾਇਕਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਜੋ ਕਿ ਹੁਣ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਪੂਰਾ ਕਰਕੇ ਵਾਹੋ-ਵਾਹੀ ਖੱਟ ਲਈ ਹੈ। ਪੰਜਾਬ ਸਰਕਾਰ ਵਲੋਂ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸ਼੍ਰੀਮਤੀ ਅੰਮਿ੍ਤ ਕੌਰ ਗਿੱਲ ਆਈ.ਏ.ਐਸ ਨੂੰ ਜ਼ਿਲਾ ਮਾਲੇਰਕੋਟਲਾ ਦੇ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਮੈਡਮ ਕੰਵਰਦੀਪ ਕੌਰ ਆਈ.ਪੀ.ਐਸ ਜੋ ਕਿ ਕਪੂਰਥਲਾ ਵਿਖੇ ਜ਼ਿਲਾ ਪੁਲਿਸ ਮੁਖੀ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ ਨੂੰ ਜ਼ਿਲਾ ਮਾਲੇਰਕੋਟਲਾ ਵਿਖੇ ਨਿਯੁਕਤ ਕੀਤਾ ਗਿਆ ਹੈ। ਮੈਡਮ ਕੰਵਰਦੀਪ ਕੌਰ 2013 ਬੈਚ ਦੇ ਆਈ.ਪੀ.ਐਸ ਪੁਲਿਸ ਅਧਿਕਾਰੀ ਹਨ ਅਤੇ ਇਕ ਵਧੀਆ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਕਈ ਵਾਰ ਪੰਜਾਬ ਪੁਲਿਸ ਦੇ ਮੁਖੀ ਵਲੋਂ ਉਨਾਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਮਾਲੇਰਕੋਟਲਾ ਸਭ ਜੇਲ ਦੀ ਕਮਾਂਡ ਪਹਿਲਾਂ ਹੀ ਡਿਪਟੀ ਸੁਪਰਡੈਂਟ ਸ਼੍ਰੀਮਤੀ ਚੰਚਲ ਸ਼ਰਮਾਂ ਪੀ.ਪੀ.ਐਸ.ਦੇ ਹੱਥ ਵਿਚ ਹੈ। ਜਿਕਰਯੋਗ ਹੈ ਕਿ ਮਾਲੇਰਕੋਟਲਾ ਦੇ ਜ਼ਿਲਾ ਬਣਨ ਨਾਲ ਇਸ ਦੇ ਅਧੀਨ ਆਉਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਦੇ ਕੰਮਕਾਰ ਹੁਣ ਜ਼ਿਲਾ ਮਾਲੇਰਕੋਟਲਾ ਵਿਖੇ ਹੀ ਹੋ ਜਾਇਆ ਕਰਨਗੇ।