
ਮਲੇਰਰਕੋਟਲਾ, 02 ਜੂਨ (ਪੰਜ ਦਰਿਆ ਬਿਊਰੋ)- ਸਥਾਨਕ ਨਵੀਂ ਅਨਾਜ ਮੰਡੀ ਵਿਖੇ ਜਥੇਦਾਰ ਹਾਕਮ ਸਿੰਘ ਚੱਕ ਅਤੇ ਆੜਤੀਆਂ ਵਲੋਂ 150 ਬੋਰੀਆਂ ਕਣਕ ਸਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਲਈ ਰਵਾਨਾ ਕੀਤੀ ਗਈ। ਇਸ ਮੌਕੇ ਸਾਬਕਾ ਪਾਰਲੀਮਾਨੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰੀ ਹਰਿਮੰਦਰ ਸਾਹਿਬ ਜਿੱਥੇ ਬਿਨਾਂ ਧਰਮ, ਜਾਤ-ਪਾਤ ਦੇ ਲੰਗਰ ਦੀ ਸੇਵਾ ਦਿਨ-ਰਾਤ ਨਿਰੰਤਰ ਚੱਲਦੀ ਰਹਿੰਦੀ ਹੈ। ਜਿਸ ਵਿਚ ਹਿੱਸਾ ਪਾਉਣਾ ਇਕ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ।ਉਹਨਾਂ ਕਿਹਾ ਕਿ ਸਿੱਖ ਕੌਮ ਸੇਵਾ ਭਾਵਨਾ ਲਈ ਹਮੇਸ਼ਾ ਤਿਆਰ ਬਰ-ਤਿਆਰ ਰਹਿੰਦੀ ਹੈ ਜੋ ਇਕ ਮਾਣ ਵਾਲੀ ਗੱਲ ਹੈ। ਮਾਲੇਰਕੋਟਲਾ ਦੇ ਜ਼ਿਲਾ ਬਣਨ ਅਤੇ ਹੋਰ ਐਲਾਨਾਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਮਾਲੇਰਕੋਟਲਾ ਦਾ ਜ਼ਿਲਾ ਬਣਨਾ ਚੰਗੀ ਅਲਾਮਤ ਹੈ ਪਰੰਤੂ ਬਹੁਤ ਦੇਰ ਨਾਲ ਬਣਨ ਜਾ ਰਿਹਾ ਹੈ ਅਤੇ ਬਾਕੀ ਸਾਰੇ ਐਲਾਨ ਚੋਣ ਸਟੰਟ ਹਨ ਜੋ ਸਿਰਫ ਛੇ ਮਹੀਨਿਆਂ ਦੇ ਵਕਤ ‘ਚ ਕਿਸੇ ਵੀ ਢੰਗ ਨਾਲ ਪੂਰੇ ਨਹੀਂ ਕੀਤੇ ਜਾ ਸਕਦੇ। ਇਸ ਮੌਕੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ ਅਤੇ ਜਥੇਦਾਰ ਤਰਸੇਮ ਭੂਦਨ ਨੇ ਵੀ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਸਭ ਧਰਮਾਂ ਦੇ ਲੋਕਾਂ ਨੂੰ ਮਿਲਜੁਲ ਕੇ ਰਹਿਣ ਅਤੇ ਹਰ ਤਰਾਂ ਦੇ ਸ਼ੁਭ ਕੰਮ ਸਾਂਝੇ ਤੌਰ ‘ਤੇ ਕਰਨ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸਮਰਾ, ਕੌਂਸਲਰ ਹਾਜੀ ਮੁਹੰਮਦ ਅਖਤਰ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਮੁਹੰਮਦ ਇਮਰਾਨ ਪੀਰ, ਅਖਤਰ ਪਹਿਲਵਾਨ, ਮੁਹੰਮਦ ਆਸਿਫ ਭੁਮਸੀ, ਅਖਤਰ ਬਾਗ਼ਵਾਨ, ਮੁਹੰਮਦ ਪਰਵੇਜ਼, ਚੌਧਰੀ ਮੁਹੰਮਦ ਓਵੈਸ, ਮੁਹੰਮਦ ਦੋਸਤ ਅਤੇ ਮੁਹੰਮਦ ਹਲੀਮ ਕਾਲਾ ਮੌਜੂਦ ਸਨ।