ਮਲੇਰਕੋਟਲਾ, 01 ਜੂਨ (ਪੰਜ ਦਰਿਆ ਬਿਊਰੋ)-ਸਿਰਜਣਹਾਰ ਨੇ ਧਰਤੀ ਅਤਿਅੰਤ ਮਨਮੋਹਣੀ ਅਤੇ ਖੂਬਸੂਰਤ ਸਾਜੀ ਹੈ। ਰੁੱਖ ਵੀ ਧਰਤੀ ਦਾ ਸ਼ਿੰਗਾਰ ਹਨ । ਇਹ ਮਨੁੱਖੀ ਜੀਵਨ ਲਈ ਆਕਸੀਜਨ ਹੀ ਨਹੀਂ ਦਿੰਦੇ, ਸਗੋਂ ਰੁੱਖ ਪ੍ਰਕਿਰਤੀ ਦੇ ਸੰਤੁਲਨ ਨੂੰ ਕਾਇਮ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਹੀ ਮਨੁੱਖ ਨੂੰ ਮਿੱਠੀਆਂ ਛਾਵਾਂ ਤੇ ਠੰਢੀਆਂ ਹਵਾਵਾਂ ਦਿੰਦੇ ਨੇ, ਰੁੱਖ ਹੀ ਅਨੇਕਾਂ ਮਿੱਠੇ ਫਲ ਇਨਸਾਨ ਨੂੰ ਪ੍ਰਦਾਨ ਕਰਨ ਤੋਂ ਬਿਨਾਂ ਮਨੁੱਖੀ ਜੀਵਨ ਵਿਚ ਕੰਮ ਆਉਣ ਵਾਲੇ ਰੰਗ ਖ਼ੁਸਬੂ, ਦਵਾਈਆਂ ਵਿਚ ਵੀ ਇਸਤੇਮਾਲ ਹੁੰਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਸਮਾਧਾਂ ਡੇਰਾ ਇਮਾਮਗੜ ਵਿਖੇ ਬੂਟੇ ਲਗਾਉਣ ਦੀ ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਦੌਰਾਨ ਕੀਤਾ। ਉਨ੍ਹਾਂ ਬੜੇ ਮਾਣ ਨਾਲ ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਕਿ ਉਹ ਆਪਣੀ ਰਹਿੰਦੀ ਉਮਰ ਵਿਚ ਆਪਣੇ ਆਖਰੀ ਸਵਾਸਾਂ ਤੱਕ ਇਹ ਬੂਟੇ ਲਗਾਉਣ ਦਾ ਕਾਰਜ ਕਰਨ ਦੀ ਖ਼ੁਸ਼ੀ ਮਾਣਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਸੇਵੀ ਅਬਦੁਲ ਸੱਤਾਰ ਹਾਂਡਾ, ਅਵਤਾਰ ਸਿੰਘ ਤਾਰੀ, ਮੁਹੰਮਦ ਇਸਹਾਕ ਹਾਜਰ ਸਨ।