
ਅਮਰਜੀਤ ਕੌਰ
ਤੜਕੇ ਸਰੀਰ ਦਿੱਤਾ ਸੀ ਤਿਆਗ ਜੀ।
ਮੁੱਕ ਗਏ ਸਾਰੇ ਮਾਨੋ ਰਂੰਗ ਰਾਗ ਜੀ ।
ਕੁੰਜੀ ਬੰਨ੍ਹ ਰੱਖਦੀ ਉਹ ਨਾਲ਼ੇ ਨਾਲ਼ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ।
ਬੇਬੇਵਾਲ਼ਾ ਜਦੋਂ ਫੋਲਿਆ ਸੰਦੂਕ ਸੀ।
ਬਾਬੇ ਦੇ ਟਰੰਕ ਉੱਚੀ ਮਾਰੀ ਕੂਕ ਸੀ।
ਹੁਣ ਮੇਰਾ ਕੌਣ ਰੱਖੇਗਾ ਖਿਆਲ ਜੀ।
ਬੇਬੇ ਦਾ ਸਾਮਾਨ ਰੱਖਿਆ ਸੰਭਾਲ ਜੀ।
ਰੇਸ਼ਮੀ ਦੁਸ਼ਾਲਾ ਟੂੰਮਾਂ ਦੀ ਪਟਾਰੀ ਸੀ।
ਦਰੀਆਂ ਤੇ ਖੇਸ ਸੂਹੀ ਫੁਲਕਾਰੀ ਸੀ।
ਗੱਠੜੀ ਚ ਸੂਟ ਲਾਵਾਂ ਵਾਲ਼ਾ ਲਾਲ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਉੱਠ ਕੇ ਸਵੇਰੇ ਚੱਕੀ ਸੀ ਚਲਾਂਵਦੀ।
ਇਲਾਹੀ ਰਾਗ ਛਿੜੇ ਗੂੜ੍ਹੀ ਨੀਂਦ ਆਂਵਦੀ।
ਗਾਉਂਦੀ ਜਦ ਬਾਣੀ ਮਿਲਾ ਕੇ ਤਾਲ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਵਿਹਲੀ ਹੋ ਪਾਉਂਦੀ ਚਰਖੇ ਤੇ ਤੰਦ ਸੀ।
ਚਰਖੇ ਦੀ ਮੈਨੂੰ ਘੂਕਰ ਪਸੰਦ ਸੀ।
ਭਰਿਆ ਸੰਦੂਕ ਖੇਸੀਆਂ ਦੇ ਨਾਲ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਨਾਲਿਆਂ ਦੀ ਉਸਨੂੰ ਅਨੋਖੀ ਜਾਚ ਜੀ।
ਧਾਗਿਆਂ ਤੇ ਉੰਗਲਾਂ ਕਰਨ ਨਾਚ ਜੀ।
ਕਦੇ ਪੰਜ ਕਲੀਆਂ ਜਾਂ ਪਾਵੇ ਜਾਲ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਬਾਬਾ ਸਾਡਾ ਫੌਜੀ ਕਹਿੰਦੇ ਸੂਬੇਦਾਰ ਸੀ।
ਪੈਂਹਟ ਦੀ ਜੰਗ ਚ ਗਿਆ ਜਾਨ ਵਾਰ ਸੀ।
ਘਰ ਵਿੱਚ ਜਾਪੇ ਆ ਗਿਆ ਭੁਚਾਲ ਸੀ।
. ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਮਹੀਨੇ ਪਿੱਛੋਂ ਜਦ ਪੈਨਸ਼ਨ ਮਿਲਦੀ।
ਹਰ ਰੀਝ ਪੂਰੀ ਹੁੰਦੀ ਸਾਡੇ ਦਿਲ ਦੀ।
ਕਰਦੇ ਪਿਆਰ ਉਹਨੂੰ ਸਾਰੇ ਬਾਲ ਜੀ ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।
ਚਿੱਤ ਕਰੇ ਬੇਬੇ ਕਦੇ ਵੇਖੇ ਆ ਕੇ ਜੀ।
ਰੱਖਦੀ ਸਾਮਾਨ ਉਸਦਾ ਸਜਾ ਕੇ ਜੀ।
ਲੱਗਣ ਨਾ ਦਿੰਦੀ ਭੋਰਾ ਵੀ ਰਵਾਲ ਜੀ।
ਬੇਬੇ ਦਾ ਸਮਾਨ ਰੱਖਿਆ ਸੰਭਾਲ ਜੀ ।