
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 27 ਮਈ 2021
ਅਮਰੀਕਾ ਦੇ ਓਹੀਓ ਸੂਬੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਕੋਰੋਨਾ ਲਾਟਰੀ “ਵੈਕਸ-ਏ-ਮਿਲੀਅਨ” ਦੇ ਪਹਿਲੇ ਜੇਤੂ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੋਰੋਨਾ ਟੀਕਾਕਰਨ ਦੀ ਪ੍ਰਤੀਸ਼ਤ ਵਧਾਉਣ ਦੀ ਕੋਸ਼ਿਸ਼ ਵਿੱਚ ਪੰਜ ਟੀਕਾਕਰਤਾਵਾਂ ਵਿੱਚੋਂ ਹਰੇਕ ਨੂੰ 10 ਲੱਖ ਡਾਲਰ ਦਿੱਤੇ ਜਾਣਗੇ। ਇਸ ਲਾਟਰੀ ਦੀ ਘੋਸ਼ਣਾ ਕਰਦਿਆਂ ਪਿਛਲੇ ਦਿਨੀ ਗਵਰਨਰ ਮਾਈਕ ਡਿਵਾਈਨ ਨੇ ਜਾਣਕਾਰੀ ਦਿੱਤੀ ਸੀ ਕਿ ਟੀਕੇ ਦੀ ਘੱਟੋ ਘੱਟ ਪਹਿਲੀ ਖੁਰਾਕ ਲਗਵਾਉਣ ਵਾਲੇ ਬਾਲਗ ਲਈ ਇਨਾਮ ਦੀ ਘੋਸ਼ਣਾ ਕੀਤੀ ਜਾਵੇਗੀ ਅਤੇ ਇਹ ਘੋਸ਼ਣਾ ਹਰ ਬੁੱਧਵਾਰ ਨੂੰ ਪੰਜ ਹਫ਼ਤਿਆਂ ਲਈ ਹੋਵੇਗੀ, ਅਤੇ ਹਰ ਬੁੱਧਵਾਰ ਜੇਤੂ ਨੂੰ ਇੱਕ ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਇਸ ਲਾਟਰੀ ਦੀ ਪਹਿਲੀ ਜੇਤੂ ਹੈਮਿਲਟਨ ਕਾਉਂਟੀ ਦੇ ਸਿਲਵਰਟਨ ਤੋਂ ਅਬੀਗੈਲ ਬੁਗੇਨਸਕੇ ਨਾਮ ਦੀ ਮਹਿਲਾ ਹੈ ,ਜਿਸ ਨੂੰ 10 ਲੱਖ ਡਾਲਰ ਦੇ ਇਨਾਮ ਦੇ ਪਹਿਲੇ ਵਿਜੇਤਾ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸਦੇ ਇਲਾਵਾ
ਡਿਵਾਈਨ ਨੇ ਇਕ ਵੱਖਰੀ ਲਾਟਰੀ ਦਾ ਐਲਾਨ ਵੀ ਕੀਤਾ ਹੈ ਜੋ ਜਿਹੜੇ ਟੀਕੇ ਲਗਵਾਏ ਹੋਏ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਜ਼ੀਫੇ ਪੇਸ਼ ਕਰਦੀ ਹੈ। ਇਹ ਲਾਟਰੀ ਵੀ 26 ਮਈ ਤੋਂ ਪੰਜ ਹਫ਼ਤਿਆਂ ਲਈ ਇੱਕ ਹਫ਼ਤੇ ਵਿੱਚ ਇੱਕ ਜੇਤੂ ਚੁਣੇਗੀ ਅਤੇ ਇਸ ਵਿੱਚ ਮੋਂਟਗਮਰੀ ਕਾਉਂਟੀ ਦੇ ਜੋਸਫ਼ ਕੋਸਟੇਲੋ ਨੂੰ ਵਜ਼ੀਫ਼ਾ ਲਾਟਰੀ ਦਾ ਪਹਿਲਾ ਵਿਜੇਤਾ ਐਲਾਨਿਆ ਗਿਆ ਹੈ। ਜਿਕਰਯੋਗ ਹੈ ਕਿ ਓਹੀਓ ਰਾਜ ਵਿੱਚ ਕੋਰੋਨਾ ਲਾਟਰੀ ਦੀ ਘੋਸ਼ਣਾ ਤੋਂ ਬਾਅਦ ,ਕੋਰੋਨਾ ਟੀਕਾਕਰਨ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।