ਮਾਲੇਰਕੋਟਲਾ, 27 ਮਈ (ਪੀ ਥਿੰਦ)– ਮਾਲੇਰਕੋਟਲਾ ਹਾਊਸ ‘ਚ ਜਿਲ੍ਹਾ ਸੰਗਰੂਰ ਦੇ ਜਿਨ੍ਹਾਂ ਖਿਡਾਰੀਆਂ ਨੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਅਤੇ ਜਿਲ੍ਹਾ ਰੈਸਲਿੰਗ ਐਸੋਸੀਏਸ਼ਨ ਵਲੋਂ ਖੇਡਦੇ ਹੋਏ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕੀਤੇ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਨਾਲ ਟਰਾਫੀ ਦੇ ਕੇ ਸੇਵਾ ਮੁਕਤ ਡੀ.ਜੀ.ਪੀ ਜਨਾਬ ਮੁਹੰਮਦ ਮੁਸਤਫਾ ਨੇ ਸਨਮਾਨਿਤ ਕੀਤਾ। ਉਪਰੋਕਤ ਦੋਹਾਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਸਮਾਜ ਸੇਵਕ ਸ਼੍ਰੀ ਖਾਲਿਦ ਥਿੰਦ ਅਤੇ ਬਾਕੀ ਮੈਂਬਰਾਂ ਨੂੰ ਵੀ ਮੁਬਾਰਕਬਾਦ ਪੇਸ਼ ਕੀਤੀ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਖਿਡਾਰੀ ਮਾਲੇਰਕੋਟਲਾ ਸ਼ਹਿਰ ਦਾ ਨਾਂ ਰੌਸ਼ਨ ਕਰਨ ‘ਚ ਸਫਲ ਹੋਏ ਜੋ ਕਿ ਸ਼ਹਿਰ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਜਿਨ੍ਹਾਂ ਖਿਡਾਰੀਆਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ‘ਚ ਅਬਦੁਲ ਹੱਨਾਨ ਅੰਤਰਰਾਸ਼ਟਰੀ ਫੁਟਬਾਲ ਖਿਡਾਰੀ, ਮੁਹੰਮਦ ਫਿਰੋਜ ਗੋਲਡ ਮੈਡਲਿਸਟ ਪੰਜਾਬ, ਮੁਹੰਮਦ ਸਾਹਿਲ ਸਿਲਵਰ ਮੈਡਲ ਪੰਜਾਬ, ਜਗਜੀਤ ਸਿੰਘ ਸਿਲਵਰ ਮੈਡਲ ਪੰਜਾਬ, ਕਰਮਜੀਤ ਸਿੰਘ ਕਾਂਸੀ ਮੈਡਲ ਪੰਜਾਬ, ਅਬਦੁਲ ਸੁਬਹਾਨ ਕਾਂਸੀ ਮੈਡਲ ਪੰਜਾਬ ਤੋਂ ਇਲਾਵਾ ਕੁਸ਼ਤੀਆਂ ‘ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮੁਹੰਮਦ ਮੁਸਤਫਾ ਨੇ ਕਿਹਾ ਕਿ ਖੇਡਾਂ ਸਾਡੀ ਜਿੰਦਗੀ ‘ਚ ਅਹਿਮ ਰੋਲ ਅਦਾ ਕਰਦੀਆਂ ਹਨ, ਇਹ ਨਾ ਸਿਰਫ ਸਾਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ ਬਲਕਿ ਸਾਨੂੰ ਅਨੁਸ਼ਾਸਨ ‘ਚ ਰਹਿਣ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਵੀ ਪ੍ਰੇਰਿਤ ਕਰਦੀਆਂ ਹਨ ਅਤੇ ਸਾਡੇ ‘ਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਦੀ ਖੁਸ਼ਕਿਸਮਤੀ ਹੈ ਕਿ ਇੱਥੋਂ ਨਾਮਵਰ ਕੌਮੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ, ਜਿਨ੍ਹਾਂ ਅਪਣੇ ਸ਼ਹਿਰ ਅਤੇ ਦੇਸ਼ ਦਾ ਨਾਂਅ ਉੱਚਾ ਕੀਤਾ। ਸ਼੍ਰੀ ਮੁਸਤਫਾ ਨੇ ਕਿਹਾ ਕਿ ਦੋਵੇਂ ਹੀ ਸੰਸਥਾਵਾਂ ਮੁਬਾਰਕਬਾਦ ਦੀਆਂ ਹੱਕਦਾਰ ਹਨ ਜਿਹੜੀਆਂ ਅਪਣੇ ਸ਼ਹਿਰ ਦੇ ਖਿਡਾਰੀਆਂ ਨੂੰ ਹਰ ਪੱਖੋਂ ਉੱਪਰ ਚੁੱਕਣ ਦੇ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ‘ਚ ਖਿਡਾਰੀਆਂ ਦੇ ਪੱਧਰ ਨੂੰ ਉੱਚਾ ਕਰਨ ਦੇ ਲਈ ਨੀਤੀ ਬਣਾ ਰਹੀ ਹੈ ਜਿਸਦੇ ਆਉਣ ਵਾਲੇ ਸਮੇਂ ‘ਚ ਸਾਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਸ਼੍ਰੀ ਮੁਸਤਫਾ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਮਾਲੇਰਕੋਟਲਾ ਹਾਊਸ ਇਨ੍ਹਾਂ ਖਿਡਾਰੀਆਂ ਦੀ ਭਵਿੱਖ ‘ਚ ਵੀ ਹਰ ਸੰਭਵ ਸਹਾਇਤਾ ਕਰੇਗਾ। ਇਸ ਮੌਕੇ ਮੁਹੰਮਦ ਖਾਲਿਦ ਥਿੰਦ, ਮੁਹੰਮਦ ਯੂਸਫ (ਪੱਪੂ ਪਹਿਲਵਾਨ), ਮੁਹੰਮਦ ਆਜ਼ਮ, ਮੁਹੰਮਦ ਨਦੀਮ ਡੀ.ਪੀ.ਈ, ਭੋਲਾ ਪਹਿਲਵਾਨ, ਮੁਹੰਮਦ ਸ਼ਕੀਲ ਉਜੈਰ ਖਾਲਿਦ ਅਤੇ ਮੁਹੰਮਦ ਖਲੀਲ ਵੀ ਹਾਜ਼ਰ ਸਨ।