?ਬੈਂਕਾਂ ਅੱਗੇ ਗਰੀਬ, ਮਜ਼ਦੂਰਾਂ, ਅੌਰਤਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਕਰਨ ਸਿੰਘ ਭੀਖੀ, ਮਾਨਸਾ

ਦੇਸ਼ ਅੰਦਰ ਭਾਵੇਂ ਕੋਈ ਕਨੂੰਨ ਬਦਲੇ ਜਾਂ ਫਿਰ ਕੋਰੋਨਾ ਵਰਗੀ ਭਿਆਨਕ ਬਿਮਾਰੀ ਦਾ ਆਉਣਾ ਦੇਸ਼ ਦੇ ਗਰੀਬ ਮਜ਼ਦੂਰਾਂ ਮੱਧਵਰਗੀ ਲੋਕਾਂ ਦੀ ਜਾਨ ਕੜਿੱਕੀ ਵਿੱਚ ਆ ਜਾਂਦੀ ਹੈ। ਉਹ ਸਮਾਂ ਸੀ ਜਦ ਕੇਂਦਰ ਸਰਾਕਾਰ ਵੱਲੋਂ ਦੇਸ਼ ਅੰਦਰ ਨੋਟਬੰਦੀ ਦਾ ਫੈਸਲਾ ਆਇਆ ਸੀ, ਇੱਕ ਅੱਜ ਦਾ ਸਮਾਂ ਜੋ ਬਿਨਾਂ ਉਲੀਕੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਉਣ ਲਈ ਦੇਸ਼ ਨੂੰ ਲੌਕਡਾਊਨ ਕੀਤਾ ਗਿਆ ਹੈ। ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮੂੰਹ ’ਤੇ ਮਾਸਕ ਬੰਨਣ੍ਹ ਤੇ ਆਪਸੀ ਦੂਰੀ ਬਣਾਉਣ ਲਈ ਕਿਹਾ ਗਿਆ ਪਰ ਐਸਬੀਆਈ ਅਤੇ ਯੁੂਕੋ ਬੈਂਕ ਦੀ ਬਰਾਂਚ ਅੱਗੇ ਲੰਮੀਆਂ ਕਤਾਰਾਂ ’ਚ ਖੜ੍ਹੇ ਲੋਕ ਪੁਲਿਸ ਮੁਲਾਜ਼ਮਾਂ ਦੀ ਝਾੜ-ਝੰਬ ਝੱਲ੍ਹ ਰਹੇ ਹਨ। ਬੈਂਕ ਅਧਿਕਾਰੀਆਂ ਵੱਲੋਂ ਸੌ ਮੀਟਰ ਦੂਰੀ ਤੱਕ ਨਿਸ਼ਾਨ ਲਗਾ ਕੇ ਗ੍ਰਾਹਕਾਂ ਨੂੰ ਖੜ੍ਹੇ ਹੋਣ ਲਈ ਕਿਹਾ ਗਿਆ, ਸਵੇਰੇ ਤੋਂ ਆਈਆਂ ਅੌਰਤਾਂ, ਮਰਦ ਧੁੱਪ ਵਿੱਚ ਖੜ੍ਹੇ ਆਪਣੀ ਬਾਰੀ ਦੀ ਉਡੀਕ ਕਰਦੇ ਰਹੇ। ਮਜ਼ਦੂਰ ਅੌਰਤ ਬੰਤ ਕੌਰ ਦਾ ਕਹਿਣਾ ਹੈ ਕਿ ਮੈਂ ਸਵੇਰ ਤੋਂ ਬੈਂਕ ’ਚ ਪੈਸੇ ਲੈਣ ਆਈ ਹਾਂ, ਸੁਣਿਆਂ ਹੈ ਮੇਰੇ ਖਾਤੇ ਵਿੱਚ ਮੋਦੀ ਸਰਕਾਰ ਨੇ ਪੰਜ ਸੌ ਰੁਪੈ ਪਾਏ ਹਨ ਜੇ ਨਾ ਕਢਵਾਏ ਤਾਂ ਵਾਪਿਸ ਚਲੇ ਜਾਣਗੇ। ਮਜ਼ਦੂਰ ਦਾਤੀ ਸਿੰਘ ਨੇ ਦੱਸਿਆ ਉਸਨੂੰ ਮਜ਼ਦੂਰ ਲਾਭਪਾਤਰੀ ਕਾਰਡ ਦੇ ਪੈਸੇ ਆਏ ਹਨ। ਜਰਨੈਲ ਸਿੰਘ ਨੇ ਕਿਹਾ ਕਿ ਉਸਨੂੰ ਤਾਂ ਕੋਈ ਸਰਕਾਰੀ ਸਹਾਇਤਾ ਨਹੀਂ ਆਈ ਉਹ ਆਪਣੇ ਗੁਜ਼ਾਰੇ ਲਈ ਪੈਸੇ ਲੈਣ ਆਇਆ। ਇਸ ਤਰ੍ਹਾਂ ਬੁਢਾਪਾ, ਅੰਗਹੀਣ ਪੈਨਸ਼ਨ, ਸਿਲੰਡਰ ਸਬਸਿਡੀ ਦੇ ਪੈਸੇ ਕਢਵਾਉਣ ਵਾਲੀਆਂ ਅੌਰਤਾਂ ਦਾ ਭਰਵਾਂ ਇਕੱਠ ਵੇਖਿਆ ਜਾ ਸਕਦਾ ਸੀ।ਯੂਕੋ ਬੈਂਕ ਬਰਾਂਚ ਭੀਖੀ ਦੇ ਮੁੱਖ ਪ੍ਰਬੰਧਕ ਸ੍ਰੀ ਨਵਦੀਪ ਬਾਘਲਾ ਨੇ ਦੱਸਿਆ ਕਿ ਲੋਕ ਕਿਸੇ ਵਹਿਮ ਦਾ ਸ਼ਿਕਾਰ ਹੋ ਗਏ ਹਨ, ਕਿ ਜੋ ਵੀ ਕੇਂਦਰ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਉਹਨਾਂ ਖਾਤੇ ਵਿੱਚ ਆਈ ਹੈ, ਜੇ ਕਢਵਾਈ ਤਾਂ ਵਾਪਿਸ ਚਲੀ ਜਾਵੇਗੀ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਆਉਣ ਵਾਲੇ ਦਿਨਾਂ ’ਚ ਰਾਹਤ ਮਿਲਣ ’ਤੇ ਗ੍ਰਾਹਕ ਆਪਣੇ ਪੈਸੇ ਕਢਵਾ ਸਕਦੇ ਹਨ।