ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਭਰ ਵਿੱਚ ਸਭ ਤੋਂ ਵੱਡੇ ਗੁਰੂਘਰ ਵਜੋਂ ਮਾਣ ਪ੍ਰਾਪਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਸੰਬੰਧੀ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਪਾਲਣਾ ਕਰਦੀਆਂ ਸੰਗਤਾਂ ਸਾਰਾ ਦਿਨ ਗੁਰਬਾਣੀ ਪ੍ਰਵਾਹ ਦਾ ਆਨੰਦ ਮਾਣਦੀਆਂ ਰਹੀਆਂ। ਸਵੇਰ ਵੇਲੇ ਤੋਂ ਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁਰਬ ਸੰਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ। ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਇਸ ਦਿਹਾੜੇ ਦਾ ਹਿੱਸਾ ਬਣਨ ਦਾ ਮਾਣ ਹਾਸਲ ਕੀਤਾ। ਸ਼ਾਮ ਸਮੇਂ ਸਜਾਏ ਕੀਰਤਨ ਦੀਵਾਨਾਂ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਭਾਈ ਸੁਖਬੀਰ ਸਿੰਘ ਤੇ ਭਲਵਿੰਦਰ ਸਿੰਘ ਦੇ ਜੱਥੇ ਦੇ ਨਾਲ ਨਾਲ ਗਲਾਸਗੋ ਦੇ ਹੀ ਜੰਮਪਲ ਪ੍ਰਸਿੱਧ ਤਬਲਾਵਾਦਕ ਤੇ ਗੁਰੂ ਰਾਮਦਾਸ ਕੀਰਤਨ ਅਕੈਡਮੀ ਦੇ ਸੰਚਾਲਕ ਨੌਜਵਾਨ ਹਰਦੀਪ ਸਿੰਘ ਸੋਢੀ ਵੱਲੋਂ ਵੀ ਗੁਰੂ ਦਰ ‘ਤੇ ਕੀਰਤਨ ਕਰਕੇ ਹਾਜ਼ਰੀ ਭਰੀ ਗਈ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਤੇ ਸਕੱਤਰ ਬਖਸ਼ੀਸ਼ ਸਿੰਘ ਦੀਹਰੇ ਵੱਲੋਂ ਇਸ ਪਾਵਨ ਦਿਹਾੜੇ ‘ਤੇ ਜੁੜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਉਹਨਾਂ ਨਾਲ ਡਾ: ਇੰਦਰਜੀਤ ਸਿੰਘ ਜੀ, ਹਰਪਾਲ ਸਿੰਘ, ਦਰਸ਼ਨ ਸਿੰਘ, ਅਜੀਤ ਸਿੰਘ ਮਸਤਾਨਾ, ਕਵਲਦੀਪ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।