ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਯੂਕੇ ਆਪਣੀ ਲੜਾਈ ਵਿੱਚ ਇੱਕ ਨਵਾਂ ਮੋੜ ਦੇਣ ਦੇ ਬਹੁਤ ਨੇੜੇ ਹੈ। ਇਸ ਪ੍ਰਕਿਰਿਆ ਦੇ ਆਖਰੀ ਗੇੜ ਵਿੱਚ ਸਾਵਧਾਨ ਰਹਿਣਾ ਵੀ ਬਹੁਤ ਮਹੱਤਵਪੂਰਨ ਹੈ। ਯੂਕੇ ਦੇ ਸੀਨੀਅਰ ਕੈਬਨਿਟ ਮੰਤਰੀ ਰਾਬ ਤਾਲਾਬੰਦੀ ਤੋਂ ਬਾਹਰ ਨਿਕਲਣ ਲਈ ਸਰਕਾਰ ਦੇ ਰੋਡ-ਮੈਪ ਦੀ ਪ੍ਰਸੰਸਾ ਕਰ ਰਹੇ ਹਨ, ਜਿਸਦੇ ਤਹਿਤ 17 ਮਈ ਨੂੰ ਹੋਰ ਢਿੱਲ ਦੇਣੀ ਤੈਅ ਕੀਤੀ ਜਾ ਰਹੀ ਹੈ। ਇਸਦੇ ਇਲਾਵਾ 21 ਜੂਨ ਨੂੰ ਤਾਲਾਬੰਦੀ ਦੇ ਨਿਯਮਾਂ ਦੇ ਮੁਕੰਮਲ ਅੰਤ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ। ਜਦਕਿ ਕੁੱਝ ਸਮੂਹਾਂ ਅਤੇ ਕਾਰੋਬਾਰਾਂ ਜਿਵੇਂ ਕਿ ਰੈਸਟੋਰੈਂਟਾਂ ਨੇ ਪਾਬੰਦੀਆਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਰਾਬ ਨੇ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਕੁੱਝ ਸਮਾਜਿਕ ਦੂਰੀਆਂ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦੇ ਰਹੀ ਹੈ ਜਿਨ੍ਹਾਂ ਦੀ 21 ਜੂਨ ਤੋਂ ਬਾਅਦ ਵੀ ਜ਼ਰੂਰਤ ਪਵੇਗੀ। ਕੁੱਝ ਯੋਜਨਾਵਾਂ ਦੇ ਅਨੁਸਾਰ ਅਜਿਹੇ ਵਿਅਕਤੀ ਜੋ ਵਾਇਰਸ ਪੀੜਤ ਲੋਕਾਂ ਸੰਪਰਕ ਵਿੱਚ ਰਹੇ ਹਨ, ਉਹਨਾਂ ਲਈ ਲੇਟਰਲ ਫਲੋਅ ਟੈਸਟ ਵਰਤੇ ਜਾ ਸਕਦੇ ਹਨ।