-ਬੇਅ ਲੀਫ ਟੀਮ ਵੱਲੋਂ ਸਮੁੱਚੀ ਟੀਮ ਨੂੰ ਅਗੇਤੀਆਂ ਵਧਾਈਆਂ
-ਪਰਿਵਾਰਕ ਗੀਤਾਂ ਨੂੰ ਫਰਜ਼ ਸਮਝ ਕੇ ਸਹਿਯੋਗ ਦੇਣਾ ਚਾਹੀਦਾ- ਤਜਿੰਦਰ ਭੁੱਲਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਤੇ ਯੂਕੇ ਦੀ ਹੁਣ ਤੱਕ ਦੀ ਪਹਿਲੀ ਪੰਜਾਬੀ (ਬਹੁ-ਭਾਸ਼ਾਈ) ਵੈੱਬਸਾਈਟ “ਪੰਜ ਦਰਿਆ” ਤੇ “ਤੇਜ਼ ਰਿਕਾਰਡਜ਼” ਵੱਲੋਂ ਸਾਂਝੇ ਤੌਰ ‘ਤੇ ਗਾਇਕ ਤੇ ਗੀਤਕਾਰ ਕਰਮਜੀਤ ਮੀਨੀਆਂ ਦਾ ਗੀਤ “ਡੋਲੀ” 10 ਅਪ੍ਰੈਲ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਸਕਾਟਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਜਿੱਥੇ ਇਸ ਗੀਤ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਉੱਥੇ ਪੋਸਟਰ ਰਾਹੀਂ ਸੁਨੇਹਾ ਘਰ ਘਰ ਲਿਜਾਣ ਦੀ ਜ਼ਿੰਮੇਵਾਰੀ ਵੀ ਖੁਦ ਹੀ ਨਿਭਾਈ ਜਾ ਰਹੀ ਹੈ। ਗਲਾਸਗੋ ਦੀ ਪ੍ਰਸਿੱਧ ਰੈਸਟੋਰੈਂਟ ਚੇਨ “ਬੇਅ ਲੀਫ” ਦੇ ਪ੍ਰਬੰਧਕਾਂ ਵੱਲੋਂ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਆਪਣਾ ਫ਼ਰਜ਼ ਸਮਝਦਿਆਂ ਨਿਭਾਈ ਗਈ। ਇਸ ਸਮੇਂ ਨੌਜਵਾਨ ਕਾਰੋਬਾਰੀ ਤਜਿੰਦਰ ਭੁੱਲਰ (ਤਾਜ ਭੁੱਲਰ), ਰਵੀ ਝੰਡੇਵਾਲਾ, ਸੁਖਚੈਨ ਮੀਨੀਆਂ, ਸਤਨਾਮ ਪੱਡਾ, ਸਿਮਰ ਹੋਠੀ, ਗੁਰਮੀਤ ਸਿੱਧੂ ਹਿੰਮਤਪੁਰਾ ਤੇ ਮੁਹੰਮਦ ਰਾਸ਼ਿਦ ਵੱਲੋਂ ਗੀਤ “ਡੋਲੀ” ਦੀ ਸਾਰੀ ਟੀਮ ਨੂੰ ਵਧਾਈ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਗੀਤ ਦਾ ਸੰਗੀਤ ਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਵੀਡੀਓ ਫ਼ਿਲਮਾਂਕਣ ਡਾਇਰੈਕਟਰ ਅਰਸ਼ ਮੀਨੀਆਂ ਤੇ ਪੰਜ ਦਰਿਆ ਵੱਲੋਂ ਕੀਤਾ ਗਿਆ ਹੈ। ਤਜਿੰਦਰ ਭੁੱਲਰ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਿਵਾਰਕ ਗੀਤਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਸਾਂਝਾ ਫ਼ਰਜ਼ ਹੈ। ਅਜਿਹੇ ਗੀਤ ਸਿਰਫ ਗਾਇਕ ਜਾਂ ਗੀਤਕਾਰ ਦੀ ਸੰਪਤੀ ਹੋਣ ਨਾਲੋਂ ਸਮਾਜ ਦੀ ਧਰੋਹਰ ਬਣਦੇ ਹਨ। ਨਰੋਏ ਤੇ ਸੁਚੱਜੇ ਸੁਚੇਤ ਸਮਾਜ ਦੀ ਸਥਾਪਨਾ ਲਈ ਚੰਗੇ ਕੰਮਾਂ ਦੀ ਲਕੀਰ ਲੰਮੀ ਹੋਣੀ ਚਾਹੀਦੀ ਹੈ। ਉਹਨਾਂ ਵਾਅਦਾ ਕੀਤਾ ਕਿ ਉਹ ਇਸ ਟੀਮ ਦੇ ਅਗਲੇਰੇ ਕਾਰਜਾਂ ਵਿੱਚ ਵੀ ਇਸੇ ਤਰ੍ਹਾਂ ਹੀ ਫਰਜ਼ ਸਮਝ ਕੇ ਸਾਥ ਦੇਣਗੇ।