ਪੰਜਾਬ ਦੀ ਧਰਤੀ ਤੋਂ ਚੱਲਿਆ ਪੂਰੇ ਮੁਲਕ ਦੇ ਰਾਜਾ ਨੂੰ ਨਾਲ ਲੈਂਦੇ ਹੋਏ ਕਿਸਾਨ ਅੰਦੋਲਨ, ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਬਣਦਾ ਜਾ ਰਿਹਾ ਹੈ, ਇਸ ਨੂੰ ਹੁਣ ਸਮਾਜ਼ ਦੇ ਹਰ ਵਰਗ ਤੋਂ ਭਾਰੀ ਹਮਾਇਤ ਮਿਲ ਰਹੀ ਹੈ ਜਿਸ ਤੋਂ ਕੇਂਦਰ ਸਰਕਾਰ ਨਾਖੁਸ਼ ਨਜ਼ਰ ਆ ਰਹੀ ਹੈ। ਜਿਸ ਕਾਰਨ ਸੁਰੱਖਿਆ ਬਲਾਂ ਨੇ ਦਿੱਲੀ ਦੁਆਲੇ ਸਖ਼ਤ ਨਾਕੇਬੰਦੀ ਕਰ ਰੱਖੀ ਹੈ। ਕਿਸਾਨ ਅੰਦੋਲਨ ਵਿਚ ਕਿਸਾਨਾਂ ਦਾ ਵੱਡੀ ਗਿਣਤੀ ਵਿਚ ਆਉਣ ਨੂੰ ਅਸੰਭਵ ਬਣਾਉਣ ਲਈ ਸਖਤ ਕਦਮ ਚੁੱਕਦੇ ਹੋਏ, ਪ੍ਰਸ਼ਾਸ਼ਨ ਨੇ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਉੱਪਰ ਤਕਰੀਬਨ ਦੋ-ਦੋ ਮੀਟਰ ਚੌੜੀਆਂ ਤੇ ਕਈ-ਕਈ ਮੀਟਰ ਉੱਚੀਆਂ ਕੰਕਰੀਟ ਦੀਆਂ ਕੰਧਾਂ ਦੀ ਉਸਾਰੀ ਕਰਕੇ ਉਨ੍ਹਾਂ ਦੇ ਅੱਗੇ ਹਾਈਵੇ ਦੇ ਵਿਚਕਾਰ ਨੁਕੀਲੇ ਕਿੱਲ ਲਗਾ ਦਿੱਤੇ ਗਏ ਹਨ ਤਾਂ ਜੋ ਇਹ ਕੰਕਰੀਟ ਦੀਆਂ ਕੰਧਾਂ ਟੱਪ ਕੇ ਕੋਈ ਅੱਗੇ ਨਾ ਜਾ ਸਕੇ। ਦੂਜੇ ਪਾਸੇ ਗਾਜ਼ੀਪੁਰ ਬਾਰਡਰ ਉੱਪਰ ਕੰਡਿਆਲੀ ਤਾਰ ਤੇ ਸਖ਼ਤ ਬੈਰੀਕੇਡ ਲਗਾ ਕੇ ਹਾਈਵੇ ਦੇ ਵਿਚਕਾਰ ਨੁਕੀਲੇ ਕਿੱਲ ਗੱਡ ਕੇ ਦਿੱਲੀ-ਗਾਜ਼ੀਆਬਾਦ ਲਾਂਘਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਲੱਗਦਾ ਨਹੀਂ ਕਿ ਇਹ ਕੰਕਰੀਟ ਦੀਆਂ ਕੰਧਾਂ, ਇਹ ਨੁਕੀਲੇ ਕਿੱਲ, ਇਹ ਕੰਡਿਆਲੀ ਤਾਰ ਤੇ ਸਖ਼ਤ ਬੈਰੀਕੇਡ ਮੁਲਕ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਵਿਚ ਪਹੁੰਚ ਰਹੇ ਲੋਕਾਂ ਨੂੰ ਦਿੱਲੀ ਆਉਣ ਤੋਂ ਰੋਕ ਪਾਉਣਗੇ। ਪਰ ਹੈਰਾਨਗੀ ਤਾਂ ਉਦੋਂ ਹੁੰਦੀ ਹੈ ਜਦੋਂ ਪ੍ਰਸ਼ਾਸ਼ਨ ਵੱਲੋਂ ਪੈਦਲ ਆਉਣ-ਜਾਣ ਵਾਲੇ ਰਸਤੇ ਬੰਦ ਕਰਨ ਦੇ ਨਾਲ-ਨਾਲ ਐਂਬੂਲੈਂਸ ਜਾਂ ਹੋਰ ਜ਼ਰੂਰੀ ਵਾਹਨਾਂ ਦੇ ਲੰਘਣ ਲਈ ਵੀ ਜਗ੍ਹਾ ਨਹੀਂ ਛੱਡੀ, ਇਹੋ ਜਹੀ ਸਖ਼ਤ ਨਾਕਾਬੰਦੀ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪਹਿਲਾਂ ਕਦੇ ਨਹੀਂ ਹੋਈ ਹੋਣੀ।
ਦਿੱਲੀ ਦੀਏ ਧਰਤੀਏ ਤੈਨੂੰ ਕੀ ਕਹਾਂ, ਤੂੰ ਪੈਰੀਂ ਅੰਨਦਾਤੇ ਦੇ,ਕਦੀ ਫੁੱਲ ਵੀਛਾਂਵੇ, ਕਦੀ ਕਿੱਲ !
ਇਕ ਸਮਾਂ ਸੀ ਜਦੋਂ ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਥੱਕ-ਹਾਰ ਕੇ ਘਰਾਂ ਨੂੰ ਪਰਤ ਜਾਣਗੇ ਪਰ ਹੋ ਇਸਦੇ ਬਿਲਕੁਲ ਉਲਟ ਰਿਹਾ ਹੈ। ਹੁਣ ਸਮਾਂ ਇਹ ਹੈ ਕਿ ਕਿਸਾਨਾਂ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਅਤੇ ਆਪਣੇ ਹੱਕਾਂ ਪ੍ਰਤੀ ਪੂਰੀ ਤਰਾਂ ਸੁਚੇਤ ਹੋ ਗਏ ਹਨ। ਹੁਣ ਉਹ ਕਿਸਾਨ ਵੀ ਵਹੀਰਾਂ ਘੱਤ ਕੇ ਦਿੱਲੀ ਵੱਲ ਆ ਰਹੇ ਹਨ ਜੋ ਪਹਿਲਾਂ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੀ ਮਾਰ ਤੋਂ ਅਣਜਾਣ ਸਨ ਤੇ ਹੁਣ ਕਿਸਾਨ ਅੰਦੋਲਨ ਵਿਚ ਕਿਸਾਨਾਂ ਦਾ ਕਾਫਲਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਹਰਿਆਣਾ ਦੀਆ ਖਾਪ ਪੰਚਾਇਤਾਂ ਨੇ ਆਪਣੇ ਪਿੰਡਾਂ ਵਿਚ ਪਿੰਡ ਪੱਧਰ ਦੀਆ ਕਮੇਟੀਆਂ ਬਣਾ ਲਈਆਂ ਹਨ ਤਾਂ ਜੋ ਵੱਡੀ ਮਾਤਰਾ ਵਿਚ ਲੋਕ ਨੂੰ ਦਿੱਲੀ ਦੇ ਬਾਰਡਰਾਂਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਭੇਜਿਆ ਜਾਵੇ। ਮੌਜੂਦਾ ਸਮੇਂ ਹਰਿਆਣਾ ਦੀਆ ਖਾਪ ਪੰਚਾਇਤਾਂ ਵਲੋਂ ਮਹਾਪੰਚਾਇਤਾਂ ਵੀ ਬੁਲਾਇਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾ ਸਕੇ। ਇਸੇ ਤਰਾਂ ਪੰਜਾਬ ਦੇ ਕਈ ਪਿੰਡ ਵਿਚ ਦਿੱਲੀ ਦੇ ਬਾਰਡਰਾਂਂ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਸ਼ਾਮਲ ਹੋਣ ਲਈ ਮਤੇ ਪਾਏ ਜਾ ਰਹੇ ਹਨ ਅਤੇ ਕਈ ਪਿੰਡ ਵਿਚ ਤਾਂ ਅੰਦੋਲਨ ਚ ਨਾ ਜਾਣ ਦੀ ਸੂਰਤ ਵਿਚ ਜ਼ੁਰਮਾਨੇ ਵੀ ਰੱਖੇ ਗਏ ਹਨ। ਇਹ ਅੰਦੋਲਨ ਹੁਣ ਕੋਈ ਮਾਮੂਲੀ ਅੰਦੋਲਨ ਨਹੀਂ ਹੈ, ਕਿਸਾਨਾਂ ਦੀ ਹੋਂਦ ਦਾ ਅੰਦੋਲਨ ਹੈ। ਕਿਸਾਨ ਪਹਿਲਾਂ ਹੀ ਜਾਣ ਚੁੱਕੇ ਸਨ ਕਿ ਇਹ ਅੰਦੋਲਨ ਦੋ-ਚਾਰ ਦਿਨ ਦਾ ਅੰਦੋਲਨ ਨਹੀਂ, ਇਹ ਲੰਬਾ ਸਮਾਂ ਚੱਲਣ ਵਾਲਾ ਅੰਦੋਲਨ ਹੈ। ਇਸ ਅੰਦੋਲਨ ਦੀ ਹਮਾਇਤ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਅੱਗੇ ਆਏ ਹਨ ਕਿਉਂਂਕਿ ਉਹ ਜਾਣਦੇ ਹਨ ਕਿ ਲੋਕਾਂ ਦਾ ਲੋਕ ਵਿਰੋਧੀ ਫੈਸਲਿਆਂ ਖਿਲਾਫ ਰੋਸ ਪ੍ਰਗਟ ਕਰਨ ਦਾ ਜਮਹੂਰੀ ਅਤੇ ਸੰਵਿਧਾਨਿਕ ਹੱਕ ਹੈ, ਲੋਕਤੰਤਰ ਵਿੱਚ ਹਰ ਵਰਗ ਨੂੰ ਅਪਣੀਆਂ ਮੰਗਾਂ ਸਰਕਾਰ ਕੋਲ ਰੱਖਣ ਦਾ ਅਧਿਕਾਰ ਹੈ ਤੇ ਸਰਕਾਰਾਂ ਦਾ ਵੀ ਮੁੱਢਲਾ ਫਰਜ ਬਣਦਾ ਹੈ ਕਿ ਕਿਸੇ ਵੀ ਕਾਨੂੰਨ ਨੂੰ ਬਣਾਉਦੇ ਸਮੇਂ ਸੰਬੰਧਿਤ ਧਿਰਾਂ ਅਤੇ ਵਿਰੋਧੀ ਰਾਜਸੀ ਪਾਰਟੀਆਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ। ਸੋ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਪ੍ਰਤੀ ਆਪਣਾ ਨਰਮ ਰੁਖ਼ ਅਪਣਾਵੇ ਤਾਂ ਜੋ ਗੱਲ-ਬਾਤ ਰਾਹੀ ਇਸ ਕਿਸਾਨੀ ਮਸਲੇ ਦਾ ਹੱਲ ਨਿਕਲ ਸਕੇ। ਸੜਕਾਂ ਤੇ ਕੰਡਿਆਲੀ ਤਾਰ ਤੇ ਤਿੱਖੇ ਕਿੱਲ ਉਗਾ, ਫਲ ਫੁੱਲ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਸੇ ਨਾ ਕਿਸੇ ਬਹਾਨੇ ਕੁਦਰਤ ਮਨੁੱਖਤਾ ਨੂੰ ਸੰਦੇਸ਼ ਦੇ ਰਹੀ ਹੈ ਕਿ ਨਿਰਸਵਾਰਥ, ਪਰਉਪਕਾਰ, ਬਰਾਬਰੀ, ਅਤੇ ਪਿਆਰ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਸੀਂ ਉਹੀ ਫਲ ਫੁੱਲ ਪ੍ਰਾਪਤ ਕਰਾਂਗੇ ਜਿਸ ਫਲ ਫੁੱਲ ਦਾ ਬੀਜ ਅਸੀਂ ਧਰਤੀ ਵਿੱਚ ਬੀਜਦੇ ਹਾਂ।
ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,ਸੰਪਰਕ: 9855010005