ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ2021: ਆਪਣੀਆਂ ਮੰਗਾਂ ਨਾਂ ਮੰਨਣ ਕਾਰਨ ਭੜਕੀਆਂ ਆਂਗਣਵਾੜੀ ਮੁਲਾਜਮਾਂ ਵੱਲੋਂ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕਰਨ ਉਪਰੰਤ ਸਰਕਾਰ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਿਚਕਾਰ ਟਕਰਾਅ ਬਣਦਾ ਦਿਖਾਈ ਦੇਣ ਲੱਗਿਆ ਹੈ। ਹਾਲਾਂਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਕੋਲ ਆਪਣਾ ਵਤੀਰਾ ਨਰਮ ਅਤੇ ਗੱਲਬਾਤ ਦੇ ਸੱਦੇ ਰਾਹੀਂ ਇਹ ਰੋਸ ਮਾਰਚ ਮੁਲਤਵੀ ਕਰਵਾਉਣ ਦਾ ਬਦਲ ਹੈ ਪਰ ਆਪਣੇ ਮਸਲਿਆਂ ਨੂੰ ਲੈਕੇ ਹੁਣ ਤੱਕ ਦੇ ਹਕੂਮਤੀ ਵਤੀਰੇ ਕਾਰਨ ਆਂਗਣਵਾੜੀ ਮੁਲਾਜਮਾਂ ਪਿੱਛੇ ਹਟਣ ਦੇ ਮੂਡ ’ਚ ਨਹੀਂ ਹਨ। ਆਂਗਣਵਾੜੀ ਮੁਲਾਜਮਾਂ ਦਾ ਪ੍ਰਤੀਕਰਮ ਹੈ ਕਿ ਨਾ ਤਾਂ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦੀ ਗੱਲ ਸੁਣ ਰਹੀ ਹੈ ਤੇ ਨਾ ਹੀ ਮਹਿਕਮੇ ਦੇ ਮੁੱਖ ਦਫ਼ਤਰ ਵਿਚਲੇ ਅਫਸਰ ਤੇ ਹੋਰ ਅਮਲਾ ਫੈਲਾ ਬਕਾਇਆ ਕੰਮਾਂ ਦੇ ਨਿਪਟਾਰੇ ਵੱਲ ਕੋਈ ਰੁਚੀ ਲੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੇ ਤਾਂ ਆਂਗਣਵਾੜੀ ਮੁਲਾਜਮਾਂ ਨਾਲ ਗੱਲਬਾਤ ਕਰਨਾ ਹੀ ਮੁਨਾਸਿਬ ਹੀ ਨਹੀਂ ਸਮਝਿਆ ਹੈ ਜਿਸ ਕਰਕੇ ਹੀ ਹੁਣ ਜਥੇਬੰਦੀ ਨੂੰ ਤਿੱਖੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ। ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ 4 ਮਾਰਚ ਨੂੰ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 34 ਸੈਕਟਰ ’ਚ ਸਥਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਾ ਦਫ਼ਤਰ ਘੇਰਨਗੀਆਂ ਅਤੇ ਇੱਥੋਂ ਹੀ ਵੱਡੇ ਕਾਫਲਿਆਂ ਨਾਲ ਰੋਸ ਮਾਰਚ ਕਰਕੇ ਪੰਜਾਬ ਵਿਧਾਨ ਸਭਾ ਅੱਗੇ ਪੁੱਜਿਆ ਜਾਏਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਅਜਿਹਾ ਸਖਤ ਕਦਮ ਚੁੱਕਣਾ ਨਹੀਂ ਚਾਹੁੰਦੀਆਂ ਸਨ,ਇਹ ਤਾਂ ਪੰਜਾਬ ਸਰਕਾਰ ਦੇ ਵਤੀਰੇ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ।
ੳਨ੍ਹਾਂ ਆਖਿਆ ਕਿ ਅਧਿਕਾਰੀਆਂ ਅਤੇ ਯੂਨੀਅਨ ਵਿਚਕਾਰ ਹੋਈ ਗੱਲਬਾਤ ’ਚ ਜੋ ਭਰੋਸਾ ਦਿੱਤਾ ਜਾਂਦਾ ਹੈ ਸਰਕਾਰ ਉਸ ਤੋਂ ਮੁੱਕਰ ਜਾਂਦੀ ਹੈ। ਉਨ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਚੰਡੀਗੜ੍ਹ ਪੁੱਜਣ ਦਾ ਸੱਦਾ ਦਿੰਦਿਆਂ ਆਖਿਆ ਕਿ ਸੰਘਰਸ਼ੀ ਔਰਤਾਂ ਬਿਨਾਂ ਕਿਸੇ ਦੀ ਪ੍ਰਵਾਹ ਕਰਦਿਆਂ ਪੁਲਿਸ ਦੀਆਂ ਰੋਕਾਂ ਤੋੜ ਕੇ ਆਪਣੀ ਮੰਜਿਲ ਵੱਲ ਵੱਧਣ। ਉਨ੍ਹਾਂ ਆਖਿਆ ਕਿ ਮੁਲਾਜਮਾਂ ਨੇ ਆਪਣੀ ਮੰਗ ਪ੍ਰਵਾਨ ਕਰਵਾਉਣ ਲਈ ਸਿੱਧੀ ਲੜਾਈ ਸ਼ੁਰੂ ਕਰ ਦਿੱਤੀ ਹੈ ਇਸ ਲਈ ਹੁਣ ਸਰਕਾਰ ਨੇ ਦੇਖਣਾ ਹੈ ਕਿ ਉਸ ਨੇ ਜਬਰ ਦੇ ਰਾਹ ਪੈਣਾ ਹੈ ਜਾਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਹਨ। ਉਨ੍ਹਾਂ ਆਖਿਆ ਕਿ ਅਸਲ ’ਚ ਸਰਕਾਰ ਆਈਸੀਡੀਐਸ ਸਕੀਮ ਨੂੰ ਢਾਹ ਲਾਕੇ ਆਂਗਣਵਾੜੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਗਰੀਬ ਪ੍ਰੀਵਾਰਾਂ ਨਾਲ ਸਬੰਧਤ ਵਰਕਰਾਂ ਤੇ ਹੈਲਪਰਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਨੂੰ ਦੂਰ ਕਰਨ ਲਈ ਦਖਲ ਦੇਣ ਜਾਂ ਫਿਰ ਪੰਜਾਬ ਦੀ ਔਰਤ ਸ਼ਕਤੀ ਦੇ ਵੱਡੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮੈਦਾਨ ’ਚ ਡਟਣ ਲਈ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਆਖਿਆ ਕਿ ਆਂਗਣਵਾੜੀ ਮੁਲਾਜਮਾਂ ਨੂੰ ਹੱਕਾਂ ਦੀ ਲੜਾਈ ਲਈ ਅੱਗੇ ਆਉਣ ਅਤੇ ਦਿਖਾ ਦੇਣ ਕਿ ਔਰਤਾਂ ਹੱਕ ਹਾਸਲ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਗਲਕੀ ਰਵਈਆਂ ਨਾਂ ਬਦਲਿਆ ਤਾਂ ਤਿੱਖੇ ਸੰਘਰਸ਼ਾਂ ਦੀ ਬਦੌਲਤ ਸਰਕਾਰ ਦੇ ਨੱਕ ’ਚ ਦਮ ਕਰ ਦਿੱਤਾ ਜਾਏਗਾ।
ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ
ਆਂਗਣਵਾੜੀ ਮੁਲਾਜਮਾਂ ਕੇਂਦਰ ਵੱਲੋਂ ਵਧਾਏ ਮਾਣ ਭੱਤੇ ਦੇ ਪੈਸੇ ਜਾਰੀ ਕਰਨ ਦੀ ਮੰਗ ਕੀਤੀ ਹੈ ਜੋ ਉਨ੍ਹਾਂ ਅਨੁਸਾਰ ਆਪਣੇ ਹਿੱਸੇ ਦਾ ਪੈਸੇ ਸਰਕਾਰ ਨੱਪੀ ਬੈਠੀ ਹੈ। ਇਸੇ ਤਰਾਂ ਹੀ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ, ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਦਰਾਂ ਵਿਚ ਵਾਪਸ ਭੇਜਣ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਦਾ ਦਰਜਾ ਦੇਣ, ਜਦੋਂ ਤੱਕ ਸੰਭਵ ਨਹੀ ਤਾਂ ਉਦੋਂ ਤੱਕ ਵਰਕਰ ਨੂੰ ਹਰ ਮਹੀਨੇ 24 ਹਜਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਅਦਾ ਕਰਨ, ਆਂਗਣਵਾੜੀ ਮੁਲਾਜਮਾਂ ਨੂੰ ਹਰਿਆਣਾ ਪੈਟਰਨ ’ਤੇ ਮਾਣਭੱਤਾ ਲਾਗੂ ਕਰਨ, ਅਕਤੂਬਰ 2018 ਤੋਂ ਮਾਣਭੱਤੇ ਵਿਚੋਂ ਕੱਟੇ ਗਏ 600 ਅਤੇ 300 ਰੁਪਏ ਏਰੀਅਰ ਸਮੇਤ ਜਾਰੀ ਕੀਤੇ ਜਾਣ, ਪੋਸ਼ਣ ਅਭਿਆਨ ਤਹਿਤ ਉਤਸ਼ਾਹ ਵਰਧਕ ਰਾਸ਼ੀ 500 ਰੁਪਏ ਵਰਕਰ ਅਤੇ 250 ਰੁਪਏ ਹੈਲਪਰ, ਦੀ ਅਦਾਇਗੀ ਏਰੀਅਰ ਸਮੇਤ ਕਰਨ, ਖਾਲੀ ਪਈਆਂ ਅਸਾਮੀਆਂ ਤੇ ਭਰਤੀ ਕਰਨ ਤੋਂ ਇਲਾਵਾ 2015 ’ਚ ਫਰਜ਼ੀ ਡਿਗਰੀਆਂ ਤੇ ਭਰਤੀ ਸੁਪਰਵਾਈਜ਼ਰਾਂ ਨੂੰ ਫਾਰਗ ਕਰਨ ਸਮੇਤ ਮੰਗ ਪੱਤਰਾਂ ਰਾਹੀਂ ਸਰਕਾਰ ਨੂੰ ਭੇਜੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।