9.9 C
United Kingdom
Sunday, May 4, 2025

ਬਰਨਾਲਾ ਮੋਰਚੇ ਵੱਲੋਂ 23 ਨੂੰ ਪਗੜੀ ਸੰਭਾਲ ਦਿਵਸ ਮਨਾਉਣ ਦਾ ਐਲਾਨ

ਅਸ਼ੋਕ ਵਰਮਾ
ਬਰਨਾਲਾ,19ਫਰਵਰੀ2021:ਸੰਯੁਕਤ ਕਿਸਾਨ ਮੋੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੇ 143 ਵੇਂ ਦਿਨ ਧਰਨਾਕਾਰੀਆਂ ਨੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ 23 ਫਰਵਰੀ ਨੂੰ ‘ਪਗੜੀ ਸੰਭਾਲ’ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਜੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਤੇ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਬਾਨੀ ਅਜੀਤ ਸਿੰਘ ਨੂੰ ਸਮਰਪਿਤ  ਹੋਵੇਗਾ। ਅੱਜ ਕਿਸਾਨ ਬੁਲਾਰਿਆਂ ਨੇ ਕਿਸਾਨਾਂ ਮਜਦੂਰਾਂ ,ਇਨਸਾਫ ਪਸੰਦ ਜੱਥੇਬੰਦੀਆਂ ਅਤੇ ਹੋਚ ਵੱਖ ਵੱਖ ਵਰਗਾਂ ਨੂੰ ਪੂਰੇ ਜੋਸ਼ ਖਰੋਸ਼ ਨਾਲ 23 ਫਰਵਰੀ  ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਧਰਨੇ ’ਚ ਪੁੱਜ ਕੇ ਇਨ੍ਹਾਂ ਮਹਾਨ ਯੋਧਿਆਂ ਨੂੰ ਸਿਜਦਾ ਕਰਨ ਦਾ ਸੱਦਾ ਦਿੱਤਾ। ਅੱਜ ਦੇ ਧਰਨੇ ਨੂੰ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਕਰਨੈਲ ਸਿੰਘ ਗਾਂਧੀ, ਹਰਚਰਨ ਸਿੰਘ ਚੰਨਾ, ਖੁਸ਼ੀਆ ਸਿੰਘ, ਜਗਰਾਜ ਰਾਮਾ, ਬਲਵੀਰ ਕੌਰ, ਮਨਿੰਦਰ ਕੌਰ, ਚਰਨਜੀਤ ਕੌਰ, ਗੁਲਾਬ ਸਿੰਘ ਗਿੱਲ, ਗੁਰਨਾਮ ਸਿੰਘ ਠੀਕਰੀਵਾਲ ਅਤੇ  ਗੁਰਮੇਲ ਸ਼ਰਮਾ ਨੇ ਸੰਬੋਧਨ ਕੀਤਾ।
ਬੁਲਾਰਿਆਂ  ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜਬਰੀ ਥੋਪੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਲਈ ਚੱਲ ਰਹੀ ਸਾਂਝੀ ਜੱਦੋਜਹਿਦ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੀ ਹੋਈ ਨਿਰੰਤਰ ਵੇਗ ਨਾਲ ਲਗਾਤਾਰ ਅੱਗੇ ਵਧ ਰਹੀ ਹੈ ਕਿਉਂਕਿ ਸਾਡੇ ਕੋਲ ਅਥਾਹ ਕੁਰਬਾਨੀਆਂ ਨਾਲ ਭਰਪੂਰ ਸੰਘਰਸ਼ਾਂ ਦਾ ਇਤਿਹਾਸਕ ਵਿਰਸਾ ਹੈ। ਇਸ ਇਤਿਹਾਸਕ ਵਿਰਸੇ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਵੱਲੋਂ ਚਲਾਈ ‘ਪਗੜੀ ਸੰਭਾਲ ਜੱਟਾ ਲਹਿਰ’ ਦਾ ਸਭ ਤੋਂ ਅਮੀਰ ਵਿਰਸਾ ਸਾਡੇ ਲਈ ਰਾਹ ਦਸੇਰਾ ਹੈ ਜਿਨ੍ਹਾਂ ਦਾ ਜਨਮ 23 ਫਰਵਰੀ 1881 ਨੂੰ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤਿੰਨ ਬਿੱਲਾਂ ਖਿਲ਼ਾਫ ਚਾਚਾ ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਸਾਥੀਆਂ ਨੇ ਲੰਬਾ, ਸਿਰੜੀ ਸੰਘਰਸ਼ ਲੜਿਆ ਸੀ, ਉਹ ਕਾਨੂੰਨ ਵੀ ਅੱਜ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਲਿਆਂਦੇ ਕਾਨੂੰਨਾਂ ਵਾਂਗ ਹੀ ਸਨ।
                    ਉਨ੍ਹਾਂ ਆਖਿਆ  ਕਿ ਉਸ ਸਮੇਂ ਸਾਡੇ ਮੁਲਕ ’ਤੇ ਸਾਮਰਾਜੀ ਬਰਤਾਨਵੀ ਸ਼ਾਸ਼ਕ ਰਾਜ ਕਰਦੇ ਹਨ ਜਦੋਂਕਿ  ਅੱਜ ਸਾਮਰਾਜੀਆਂ ਦੇ ਦਲਾਲਾਂ ਭਾਰਤੀ ਹਾਕਮਾਂ ਦੇ ਹੱਥ ਦੇਸ਼ ਦੀ ਵਾਗਡੋਰ ਹੈ। ਰਾਜ ਕਰਦੇ ਹਨ। ਬੁਲਾਰੇ ਆਗੂਆਂ ਕਿਹਾ ਕਿ ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ (1907),ਪੰਜਾਬ ਇੰਤਕਾਲੇ ਅਰਾਜੀ (ਵਾਹੀ ਹੇਠਲੀ ਜਮੀਨ) ਐਕਟ ਬਿੱਲ ਮੁਜਰੀਆ(1907),ਜਿਲ੍ਹਾ ਰਾਵਲਪਿੰਡੀ ਵਿੱਚ ਵਾਹੀ ਹੇਠ ਜਮੀਨ ਦੇ ਮਾਲੀਆ ਵਿੱਚ ਵਾਧਾ, ਬਾਰੀ ਦੁਆਬ ਨਹਿਰ ਦੀ ਜਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ ਬਿੱਲ ਅਸੈਂਬਲੀ ’ਚ ਲਿਆਂਦੇ ਗਏ ਸਨ।ਉਨ੍ਹਾਂ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠਾਂ ਵਿਚ ਹਫਤਾਵਾਰ ਝੰਗ ਸਿਆਲ ਦੇ ਐਡੀਟਰ ਬਾਂਕੇ ਦਿਆਲ ਵੱਲੋਂ ਲਿਖਿਆ ‘ਪਗੜੀ ਸੰਭਾਲ ਜੱਟਾ’ ਗੀਤ ਗੂੰਜ ਰਿਹਾ ਹੈ ਜੋਕਿ  ਬਿ੍ਰਟਿਸ਼ ਰਾਜ ਦੇ 1906 ਦੇ ਖੇਤੀ ਕਾਨੂੰਨਾਂ ਖਿਲਾਫ ਉੱਠੀ ਕਿਸਾਨ ਲਹਿਰ ਦਾ ਮੱੁਖੜਾ ਬਣ ਗਿਆ ਸੀ।
               ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ ਚੱਲੀ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਝਲਕਾਰਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲੜਾਈ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੀ ਮਿਸਾਲ ਮੋਰਚੇ ’ਚ ਵੱਡੀ ਪੱਧਰ ਤੇ ਨੌਜਵਾਨਾਂ ਵੱਲੋਂ ਅਜੀਤ ਸਿੰਘ ਦੇ ਪੋਸਟਰ ਤੇ ਬੈਨਰ ਟਰੈਕਟਰਾਂ ’ਤੇ ਲਾ ਕੇ ਅਤੇ ਹਿੱਕਾਂ ’ਤੇ ਬੈਜ ਸਜਾ ਕੇ ਸ਼ਾਮਲ ਹੋਣ ਤੋਂ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪਗੜੀ ਸੰਭਾਲ ਓਏ ਜੱਟਾ (1906-09) ਲਹਿਰ ਪੰਜਾਬੀਆਂ ਦੀ ਅੰਗਰੇਜਾਂ ਖਿਲਾਫ ਨਾ-ਬਰਾਬਰੀ ਦਾ ਵਰਤਾਉ ਪ੍ਰਤੀ ਇੱਕ ਅੰਦੋਲਨ ਸੀ ਜਿਸ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨੂੰ ’ਪਗੜੀ ਸੰਭਾਲ’ ਦਿਵਸ ਦੇ ਤੌਰ ’ਤੇ ਮਨਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਅਜੋਕੇੇ ਭਾਰਤੀ ਹਾਕਮ ਵੀ ਸਾਮਰਾਜੀ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀ ਖੇਤਰ ਦੇ ਉਜਾੜੇ ਲਈ ਤਿੰਨੇ ਖੇਤੀ ਕਾਨੂੰਨ ਲੈਕੇ ਆਏ ਹਨ।
                     ਬੁਲਾਰਿਆਂ ਨੇ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਉੱਪਰ ਨਿਰਭਰ 60 ਫੀਸਦੀ ਵਸੋਂ ਅਤੇ ਪਿੰਡਾਂ ਵਿੱਚ ਵਸਦੀ 72 ਫੀਸਦੀ ਅਬਾਦੀ ਦਾ ਉਜਾੜਾ ਤਹਿ ਕਰਾਰ ਦਿੰਦਿਆਂ 23 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਸੰਘਰਸ਼ ’ਚ ਨੌਜਵਾਨ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਜੋਰਦਾਰ ਸੱਦਾ ਦਿੱਤਾ।  ਅੱਜ ਦੇ ਮੋਰਚੇ ’ਚ ਜਗਰੂਪ ਸਿੰਘ ਹਮੀਦੀ ਤੇ ਸੁਰਜੀਤ ਸਿੰਘ ਰਾਮਗੜ੍ਹ ਨੇ ਕਵੀਸ਼ਰੀ ਅਤੇ ਲੋਕ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪਰਮਿੰਦਰ ਸਿੰਘ ਹੰਢਿਆਇਆ ,ਨਛੱਤਰ ਸਿੰਘ ਸਹੌਰ, ਗੁਰਦਰਸ਼ਨ ਸਿੰਘ ਫਰਵਾਹੀ, ਅਮਰਜੀਤ ਕੌਰ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ,ਜਸਪਾਲ ਚੀਮਾ,ਜਸਪਾਲ ਕੌਰ,ਮਨਜੀਤ ਕੌਰ,ਪਰਮਜੀਤ ਕੌਰ ਅਤੇ ਨਰਿੰਦਰਪਾਲ ਸਿੰਗਲਾ ਆਦਿ ਆਗੂ ਵੀ ਹਾਜਰ ਸਨ।

PUNJ DARYA

LEAVE A REPLY

Please enter your comment!
Please enter your name here

Latest Posts

error: Content is protected !!
18:19