14.1 C
United Kingdom
Sunday, April 20, 2025

More

    ਕਿਸਾਨ ਮੋਰਚੇ ਲਈ ਝਾਂਸੀ ਦੀ ਰਾਣੀ ਤਲਾਸ਼ਣ ਲੱਗੀਆਂ ਕਿਸਾਨ ਧਿਰਾਂ

    ਅਸ਼ੋਕ ਵਰਮਾ
    ਬਰਨਾਲਾ,17ਫਰਵਰੀ2021:  ਕਿਸਾਨ ਧਿਰਾਂ  ਵੱਲੋਂ ਹੁਣ ਪਿੰਡਾਂ  ਵਿੱਚੋਂ ‘ਝਾਂਸੀ ਦੀ ਰਾਣੀ’ ਤਲਾਸ਼ਣੀ ਸ਼ੁਰੂ ਕਰ ਦਿੱਤੀ ਗਈ ਹੈ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਘੋਲ  ’ਚ ‘ਪੇਂਡੂ ਔਰਤ’ ਨੂੰ ਉਤਾਰਨ ਲਈ ਇਹ ਉਪਰਾਲਾ ਹੋਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਂਦਾ ) ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ । ਹੁਣ ਔਰਤਾਂ  ਨੂੰ ਪੂਰੀ ਸਰਗਰਮੀ ਨਾਲ ਮੌਜੂਦਾ ਲੋਕ ਘੋਲ ਵਿੱਚ ਉਤਾਰਨ ਦਾ ਟੀਚਾ ਮਿਥਿਆ ਹੈ। ਲੋਕ ਸੰਘਰਸ਼ਾਂ  ਵਿੱਚ ਔਰਤਾਂ  ਨੂੰ ਵੱਡੀ ਪੱਧਰ ‘ਤੇ ਸ਼ਾਮਲ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਇਹ ਪੈਂਤੜਾ ਲਿਆ ਹੈ । ਸੰਘਰਸ਼  ਦੀ ਕਾਮਯਾਬੀ ਲਈ ਕਿਸਾਨ ਆਗੂਆਂ  ਨੇ ਔਰਤਾਂ  ਦੀ ਸ਼ਮੂਲੀਅਤ ਦੀ ਵੱਡੀ ਲੋੜ ਮਹਿਸੂਸ ਕੀਤੀ ਹੈ । ਪਿੰਡ ਇਕਾਈ ਮੂੰਮ ਦੀ ਚੋਣ ਵਿੱਚ ਦਿਆ ਵੰਤੀ ਪਤਨੀ ਬਾਬੂ ਰਾਮ ਪ੍ਰਧਾਨ ਅਤੇ ਜਗਰੂਪ ਕੌਰ ਪਤਨੀ ਸੁਰਜੀਤ ਸਿੰਘ ਗਿਆਨੀ ਮੀਤ ਪ੍ਰਧਾਨ ਬਨਾਉਣ ਤੋਂ ਇਲਾਵਾ 25 ਮੈਂਬਰੀ ਕਮੇਟੀ ਬਣਾਈ ਹੈ। ਔਰਤ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਚੱਲ ਰਹੇ ਸੰਘਰਸ਼ ਮੋਢੇ ਨਾਲ ਮੋਢਾ ਜੋੜਕੇ ਲੜਨ  ਦਾ ਅਹਿਦ ਲਿਆ ਹੈ।
                  ਜਥੇਬੰਦੀ ਦੀ ਸੋਚ ਹੈ ਕਿ  ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਯੂਨੀਅਨ ਦਾ ਅਹਿਮ ਅੰਗ ਬਨਾਉਣਾ ਵਕਤ ਦੀ ਲੋੜ ਬਣ ਗਈ ਹੈ। ਪਤਾ ਲੱਗਿਆ ਹੈ ਕਿ ਕਿਸਾਨ ਧਿਰਾਂ ਦਾ ਮੁੱਖ ਮਕਸਦ ਔਰਤਾਂ ਨੂੰ ਸਰਕਾਰ ਵਿਰੋਧੀ ਲੜਾਈ ਵਿੱਚ ਉਤਾਰਨਾ ਹੈ ।  ਸੂਤਰ ਆਖਦੇ ਹਨ ਕਿ ਜੇਕਰ ਕਿਸਾਨ ਆਗੂ ਆਪਣੇ ਮੰਤਵ ਵਿੱਚ ਕਾਮਯਾਬ ਹੁੰਦੇ ਹਨ ਤਾਂ ਸਰਕਾਰ ਲਈ ਨਵੀਂ ਸਿਰਦਰਦੀ ਪੈਦਾ ਹੋ ਸਕਦੀ ਹੈ ਕਿਉਂਕਿ ਏਡੀ ਵੱਡੀ ਗਿਣਤੀ ਔਰਤਾਂ ਨਾਲ ਸਰਕਾਰ ਨੂੰ ਟੱਕਰਨਾ ਵੀ ਕਾਫੀ ਮੁਸ਼ਕਲ ਹੋਵੇਗਾ। ਕਿਸਾਨ ਆਗੂਆਂ ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾ ਅਤੇ ਬਲਾਕ ਆਗੂ ਭੁਪਿੰਦਰ ਸਿੰਘ ਮੂੰਮ ਦਾ ਕਹਿਣਾ ਸੀ ਕਿ ਪਿਛਲਾ ਤਜ਼ਰਬਾ ਦੱਸਦਾ ਹੈ ਕਿ ਔਰਤਾਂ ਦੀ ਸ਼ਮੂਲੀਅਤ ਨਾਲ ਲੋਕ ਸੰਘਰਸ਼ਾਂ ਦੀ ਸਫਲਤਾ ਵਧਦੀ ਹੈ ਜਿਸ ਕਰਕੇ ਜਥੇਬੰਦੀ ਨੇ ਇਹ ਮੁਹਿੰਮ ਵਿੱਢੀ ਹੈ ਉਹਨਾਂ ਆਖਿਆ ਕਿ ਸਰਕਾਰਾਂ ਲਈ ਔਰਤਾਂ ਨਾਲ ਟੱਕਰ ਲੈਣੀ ਕਾਫੀ ਔਖੀ ਹੁੰਦੀ ਹੈ ਜਿਸ ਕਰਕੇ ਸਾਰਾ ਧਿਆਨ ਪਿੰਡਾਂ ਵੱਲ ਕੇਂਦਰਤ ਕੀਤਾ ਗਿਆ ਹੈ ।
    ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਣ ਲਈ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨਾਂ ਬਿੱਲਾਂ ਨੂੰ ਲਿਆਉਣ ਪਿੱਛੇ ਕੌਮਾਂਤਰੀ ਲੁਟੇਰੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀ ਸਾਜਿਸ਼ ਹੈ । ਉਹਨਾਂ ਕਿਹਾ ਕਿ ਇਹ ਕਾਨੂੰਨ ਭਾਰਤੀ ਹਾਕਮਾਂ ਰਾਹੀਂ ਮੁੱਠੀ ਭਰ ਅਮੀਰ ਘਰਾਣਿਆਂ ਦੇ ਮੁਨਾਫਿਆਂ ਲਈ ਲਿਆਂਦੇ ਗਏ ਹਨ ਜਿਸ  ਕਰਕੇ ਹੀ ਸਰਕਾਰ ਰਥਚਾਰੇ ਦੀ ਰੀੜ ਦੀ ਹੱਡੀ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਂਮੋਦੀ ਸਰਕਾਰ ਉਸ ਵਕਤ ਲੈਕੇ ਆਈ ਜਦੋਂ ਸਮੁੱਚੀ ਭਾਰਤੀ ਵਸੋਂ ਨੂੰ ਕਰੋਨਾ ਦੀ ਦਹਿਸ਼ਤ ਪਾਕੇ ਘਰਾਂ ਅੰਦਰ ਕੈਦ ਕੀਤਾ ਹੋਇਆ ਸੀ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਖਤਰੇ ਨੂੰ ਭਾਪਦਿਆਂ ਵਿਆਪਕ ਕਿਸਾਨ ਮੋਰਚੇ ਤਹਿਤ  ਜੱਥੇਬੰਦੀ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਅਹਿਮ ਫਰਜ ਨਿਭਾ ਰਹੀਆਂ ਕਿਸਾਨ ਔਰਤਾਂ ਨੂੰ ਹੋਰ ਸਰਗਰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
    ਆਗੂਆਂ ਕਿਹਾ ਕਿ ਅੱਜ ਸਾਡੀ ਜਥੇਬੰਦੀ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਔਰਤਾਂ ਖੁਦ ਜਥੇਬੰਦ ਹੋਕੇ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝਣ ਲਈ ਅੱਗੇ ਆਈਆਂ ਹਨ ਜਿਸ  ਨਾਲ ਜਥੇਬੰਦੀ ਦੀ ਤਾਕਤ ਦੂਣ ਸਵਾਈ ਹੋਈ ਹੈ ਜੋ ਕਿਸਾਨ ਦੁਸ਼ਮਣ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗੀ। ਇਸ ਸਮੇਂ ਚੁਣੀਆਂ ਕਮੇਟੀ ਮੈਂਬਰਾਂ ਕਿਰਪਾਲ ਕੌਰ, ਮਨਜੀਤ ਕੌਰ,ਸੁਰਜੀਤ ਕੌਰ,ਦਰਸ਼ਨ ਕੌਰ ,ਅਮਰਜੀਤ ਕੌਰ,ਬਲਜੀਤ ਕੌਰ,ਰਜਿੰਦਰ ਕੌਰ,ਰਣਜੀਤ ਕੌਰ,ਜਸਵੀਰ ਕੌਰ, ਸਵਰਨਜੀਤ ਕੌਰ,ਜਗਸੀਰ ਕੌਰ,ਬੀਬੀ ਕੌਰ,ਹਰਬੰਸ ਕੌਰ,ਮਲਕੀਤ ਕੌਰ,ਲਖਬੀਰ ਕੌਰ,ਸੁਰਜੀਤ ਕੌਰ ਹਾਜਰ ਸਨ ਜਿਹਨਾਂ ਜੱਥੇਬੰਦੀ ਦੇ ਹਰ ਸੱਦੇ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ। ਇਸ ਸਮੇਂ ਆਗੂਆਂ ਬਲਜੀਤ ਸਿੰਘ ਮਹਿਲਕਲਾਂ, ਬਲਵੀਰ ਸਿੰਘ, ਜਗਦੀਪ ਸਿੰਘ ਜੱਗਾ, ਭਿੰਦਰ ਸਿੰਘ ਭਿੰਦਾ,ਗੁਰਮੇਲ ਸਿੰਘ ਫੌਜੀ ਆਦਿ ਕਿਸਾਨ ਆਗੂਆਂ ਨੇ ਸਾਂਝੇ ਕਿਸਾਨ ਸੰਘਰਸ਼ ਦੇ ਅਗਲੇ ਪੜਾਅ 18 ਫਰਵਰੀ 12 ਵਜੇ ਤੋਂ 4 ਵਜੇ ਤੱਕ ਰੇਲਵੇ ਮੁਕੰਮਲ ਜਾਮ ਦੇ ਸੱਦੇ ਤਹਿਤ ਵੱਡੀ ਗਿਣਤੀ ਵਿੱਚ ਬਰਨਾਲਾ ਰੇਲਵੇ ਸਟੇਸ਼ਨ ਪੁੱਜਣ ਦੀ ਜੋਰਦਾਰ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!