
ਪਿਲੱਤਣ ਫਿਰਨੀ ਜਿਨ੍ਹਾਂ ਦੇ ਮੂੰਹ ਉੱਤੇ,
ਆ ਜਾਓ ਸਾਂਭੀਏ ਸੁਰਖ਼ ਸਵੇਰਿਆਂ ਨੂੰ ।
ਮੋਰਚੇ ਉੱਤੇ ਹੋਏ ਨੇ ਕੁਰਬਾਨ ਜਿਹੜੇ,
ਆ ਜਾਓ ਕਰਕੇ ਚੇਤੇ ਚਿਹਰਿਆਂ ਨੂੰ।
ਇਕੱਠੇ ਹੋ ਕੇ ਸਿੱਝੀਏ ਨਾਲ ਹਾਕਮ,
ਛੱਡ ਦੇਈਏ ਨਿੱਜ ਦੇ ਝੇੜਿਆਂ ਨੂੰ ।
ਆ ਜਾਓ ਕਿਰਦਾਰ ਆਪਣਾ ਰੱਖ ਉੱਚਾ,
ਕੋਈ ਨਾ ਪੁੱਛਦਾ ਘੜੇ ਤ੍ਰੇੜਿਆਂ ਨੂੰ।
ਅਬਦਾਲੀ ਬਣਿਆਂ ਮੋਦੀ ਅੱਜ ਦੂਜਾ,
ਨਾ ਭੁੱਲੇ ਸੀ ਪਹਿਲੇ ਦੇ ਦਸ ਗੇੜਿਆਂ ਨੂੰ।
ਗੰਦੀ ਸਿਆਸਤ ਨੇ ਸਭ ਲਬੇੜ ਦਿੱਤੇ,
ਪੂੰਝਣਾ ਔਖਾ ਹੋਇਆ ਲਬੇੜਿਆਂ ਨੂੰ ।
ਆ ਜਾਓ ਵਿੱਚ ਪਟਾਰੀਆਂ ਪਾ ਦੇਈਏ,
ਇਨ੍ਹਾਂ ਆਪ ਹੀ ਨਾਗਾਂ ਛੇੜਿਆਂ ਨੂੰ।
ਪਾ ਪੱਤੀਆਂ ਪੀਵਾਂਗੇ ਆਪਾਂ ਫੇਰ ਚਾਹਾਂ,
ਆ ਜਾਓ ਛੱਡ ਕੇ ਸਾਧਾਂ ਦੇ ਡੇਰਿਆਂ ਨੂੰ ।
ਗੁੱਗਾ ਬਿੱਲਾਂ ਦਾ ਪਹਿਲਾਂ ਪੂਜ ਦੇਈਏ,
ਪੂਜੀ ਜਾਵਾਂਗੇ ਫੇਰ ਜਠੇਰਿਆਂ ਨੂੰ।
ਲਸਣ ਲਾਉਣ ਲਈ ਕਿਆਰੀ ਬੱਚਣੀ ਨਾ,
ਕਿੰਝ ਪਾਲਾਂਗੇ ਫੇਰ ਲਵੇਰਿਆਂ ਨੂੰ।
ਦੁੱਧ-ਦਹੀਂ ਵੀ ਸਰਮਾਏਦਾਰ ਵੇਚੂ,
ਭੁੱਲ ਜਾਵਾਂਗੇ ਮੱਖਣ ਦੇ ਪੇੜਿਆਂ ਨੂੰ।
ਦੂਰੀਆਂ ਹੁਣ ਨਾ ਜੇ ਦੂਰ ਕਰੀਆਂ,
ਸਦਾ ਰਹਾਂਗੇ ਤਰਸਦੇ ਨੇੜਿਆਂ ਨੂੰ।
ਨਾਲੇ ਸਬਰ ਸਿਦਕ ਦੀ ਪਰਖ ਹੋ ਜਾਊ,
ਜੰਗ ਨੀ ਲੱਗਦਾ ਨਲੵਕੇ ਗੇੜਿਆਂ ਨੂੰ।
ਮਾਤ ਹਿਟਲਰ ਨੂੰ ਹੁਣ ਜਾਣ ਪਾਉਂਦੇ,
ਹੱਥੀਂ ਚੁਣਿਆਂ ਸੀ ਨੇਤਾ ਜਿਹੜਿਆਂ ਨੂੰ
ਸਹਿਣਾ ਸਾਡੇ ਲਈ ਹੋਇਆ ਹੁਣ ਔਖਾ,
ਤਾਨਾਸ਼ਾਹੀ ਦੇ ਇਨ੍ਹਾਂ ਥਪੇੜਿਆਂ ਨੂੰ।
‘ਬੱਲਾਂ ਵਾਲਿਆ’ ਬਿੱਲੀ ਨੀ ਤਰਸ ਕਰਦੀ,
ਵੇਖ ਕਬੂਤਰ ਦੇ ਹੰਝੂ ਕੇਰਿਆਂ ਨੂੰ।
ਸੌ ਸਾਲ ਨੀ ਚੜ੍ਹਨਾ ਫਿਰ ਦਿਨ ‘ਹੋਠੀ’,
ਭਜਾਇਆ ਨਾ ਜੇ ਅੱਜ ਹਨੇਰਿਆਂ ਨੂੰ।
✍ਹੋਠੀ ਬੱਲਾਂ ਵਾਲਾ (ਇਟਲੀ)