
ਫਰੀਮਾਂਟ (ਗੁਰਸੇਵਕ ਸਿੰਘ ਮੁਸਾਫਿਰ) _ ਇਹ ਖਬਰ ਬੜੇ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਭਾਈਚਾਰੇ ਦੇ ਬਹੁਤ ਹੀ ਸਤਿਕਾਰਯੋਗ ਮਾਸਟਰ ਸੇਵਾ ਸਿੰਘ ਜੀ ਬੀੜ ਰਾਊਕੇ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਖਰਚਦੇ ਹੋਏ ਗੁਰਪੁਰੀ ਸਿਧਾਰ ਗਏ ਹਨ। ਆਪ ਜੀ ਦਾ ਜਨਮ ਜ਼ਿਲਾ ਮੋਗਾ ਦੇ ਪਿੰਡ ਬੀੜ ਰਾਊਕੇ ਵਿਖੇ 1944 ’ਚ ਪਿਤਾ ਸ. ਈਸ਼ਰ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦੋ ਭਰਾ ਤੇ ਦੋ ਭੈਣਾਂ ਵਿਚੋਂ ਸਭ ਤੋਂ ਛੋਟੇ ਸਨ ਆਪ ਜੀ ਨੇ ਬੀ.ਐੱਸ.ਸੀ., ਬੀ.ਐੱਡ ਮੋਗਾ ਦੇ ਡੀ.ਐੱਮ ਕਾਲਜ ਵਿਚੋਂ ਕੀਤੀ। ਆਪ ਜੀ ਦਾ ਵਿਆਹ 1967 ’ਚ ਅਧਿਆਪਕਾ ਬੀਬੀ ਦਲਜੀਤ ਕੌਰ ਨਾਲ ਹੋਇਆ ਜਿਸ ਦੀ ਕੱੁਖੋਂ ਇੱਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। 1966 ਤੋਂ ਸਰਕਾਰੀ ਅਧਿਆਪਕ ਵਜੋਂ ਜ਼ਿਲਾ ਮੋਗਾ ਦੇ ਪਿੰਡ ਫੁੱਲੇਵਾਲਾ ਸਰਕਾਰੀ ਸਕੂਲ ’ਚ ਸ਼ੁਰੂ ਨੌਕਰੀ ਕੀਤੀ। ਆਪ ਜੀ 2002 ਵਿਚ ਪਿ੍ਰੰਸੀਪਲ ਗੁਰਦੇਵ ਸਿੰਘ ਧਾਲੀਵਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧੂੜਕੋਟ ਰਣਸੀਂਹ (ਮੋਗਾ) ਵਿੱਚੋਂ ਹਿਸਾਬ ਦੇ ਅਧਿਆਪਕ ਵਜੋਂ ਰਿਟਾਇਰ ਹੋਏ। ਆਪ ਜੀ ਕੁਦਰਤ ਪ੍ਰੇਮੀ ਸਨ ਜਿਸ ਕਾਰਨ ਉਹਨਾਂ ਵਾਤਾਵਰਣ ਤੋਂ ਇਲਾਵਾ ਪਸ਼ੂਆਂ, ਪੰਛੀਆਂ ਨਾਲ ਵੀ ਤੇਹ ਸੀ। ਆਪ ਜੀ ਘੋੜਸਵਾਰੀ ਦੇ ਵੀ ਸ਼ੌਕੀਨ ਸਨ ਤੇ ਬਹੁਤ ਹੀ ਵਧੀਆ ਨਸਲ ਦੇ ਘੋੜੇ ਪਾਲ ਕੇ ਰੱਖਦੇ ਸਨ। 2007 ਵਿਚ ਆਪ ਜੀ ਅਮਰੀਕਾ ਆ ਗਏ। ਆਪ ਜੀ ਆਪਣੇ ਛੇ ਪੋਤੇ ਪੋਤੀਆਂ / ਦੋਹਤੇ ਦੋਹਤੀਆ ਵਾਲਾ ਹਸਦਾ ਵਸਦਾ ਪਰਿਵਾਰ ਛੱਡ ਕੇ ਅਕਾਲ ਪੁਰਖ ਦੇ ਚਰਨੀਂ ਜਾ ਲੱਗੇ ਹਨ। ਪਰਿਵਾਰ ਨਾਲ ਦੱੁਖ ਸਾਂਝਾ ਕਰਨ ਲਈ ਫੋਨ ਨੰਬਰ 408-580-6063 ’ਤੇ ਉਨਾਂ ਦੇ ਸਪੁੱਤਰ ਹਰਬਖਸ਼ ਸਿੰਘ ਬੀੜ ਰਾਊਕੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮਾਸਟਰ ਸੇਵਾ ਸਿੰਘ ਜੀ ਬੀੜ ਰਾਊ ਕੇ ਦੇ ਇਕ ਵਿਦਿਆਰਥੀ ਨਿਰਮਲ ਸਿੰਘ ਧਾਲੀਵਾਲ ਦੀ ਕਲਮ ਤੋਂ…
ਮਾਸਟਰ ਜੀ ਦੇ ਅਕਾਲ ਚਲਾਣੇ ਦਾ ਸਮਾਂ ਮੈਨੂੰ ਮੋੜ ਕੇ ਯਾਦਾਂ ਦੇ 1985 ਦੇ ਸਮੇਂ ’ਚ ਲੈ ਗਿਆ ਹੈ ਜਦੋਂ ਮੇਰੇ ਨੰਬਰ ਧੂਰਕੋਟ ਰਣਸੀਂਹ ਦੇ ਸਕੂਲ ਵਿੱਚੋ 77 ਫੀਸਦੀ ਆਏ ਸਨ ਤੇ ਮੈ ਕੋਈ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਣ ਪੱਤੋ ਹੀਰਾ ਕਾਲਜ ਵਿਚ ਪੜਣ ਲਈ ਜਾਣਾ ਸੀ ਕਿਉਂਕਿ ਹੋਰ ਜਾਣਕਾਰੀ ਹੈ ਵੀ ਨਹੀਂ ਸੀ। ਮੇਰੇ ਸਕੂਲ ਦੇ ਹਿਸਾਬ ਦੇ ਮਾਸਟਰ ਜੀ ਸਰਦਾਰ ਸੇਵਾ ਸਿੰਘ ਜੀ ਨੇ ਮੈਨੂੰ ਘਰੋਂ ਬੁਲਾ ਕੇ ਕਿਹਾ ਕਿ ਮੈ ਆਪਣੇ ਮੁੰਡੇ ਹਰਬਖਸ਼ ਦੇ (ਜਿਹੜਾ ਮੇਰਾ ਹਮਜਮਾਤੀ ਸੀ) ਦਾਖ਼ਲੇ ਲਈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲੇ ਲਈ ਫਾਰਮ ਭਰ ਰਿਹਾ ਹਾਂ, ਜੇ ਤੂੰ ਵੀ ਓਥੇ ਦਾਖ਼ਲ ਹੋਣਾ ਹੈ ਤਾਂ ਮੈਂ ਤੇਰਾ ਵੀ ਫਾਰਮ ਭਰ ਦਿੰਦਾ ਹਾਂ। ਨਾਲ ਹੀ ਇਹ ਵੀ ਕਿਹਾ ਕਿ ਪੜਾਈ ਵੀ ਓਥੇ ਸੌਖੀ ਹੈ ਜਿੰਨਾ ਕੁ ਪੜਾਉਦੇ ਹਨ ਤਿੰਨ ਮਹੀਨਿਆਂ ਵਿਚ ਤਿੰਨ ਵਾਰ ਪੇਪਰ ਲੈ ਲੈਂਦੇ ਹਨ। ਚਲੋ ਜੀ ਮੈ ਆਪਣੇ ਘਰ ਦਿਆਂ ਤੋਂ ਪੁੱਛ ਕੇ ਸਤਬਚਨ ਕਹਿ ਦਿੱਤਾ ਕਿ ਠੀਕ ਹੈ ਜੀ ਇਸ ਤੋਂ ਅੱਗੇ ਰੱਬ ਦੀ ਮੇਹਰ ਨਾਲ ਤੇ ਆਪਣੇ ਮਾਸਟਰ ਜੀ ਦੀ ਅਗਵਾਈ ਨਾਲ ਓੱਥੋਂ ਪੀ.ਐੱਚ.ਡੀ. ਕਰ ਕੇ ਤੇ ਹੁਣ ਓਸੇ ਸਿਰ ਤੇ ਕੈਨੇਡਾ ਵਿਚ ਆ ਪਹੁਚਿਆਂ। ਕਈ ਵਾਰ ਆਦਮੀ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸਦੀ ਦੀ ਕੀਤੀ ਇਕ ਭਲਾਈ ਕਿੱਥੋਂ ਤੱਕ ਸਮੁੰਦਰ ਦੀ ਛੱਲ ਦੀ ਤਰਾਂ ਅੱਗੇ ਜਾਂਦੀ ਹੈ। ਹੁਣ ਜਦੋਂ ਮੈ ਆਪਣੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀ ਵਿਚ ਪੜਦੇ ਦੇਖਦਾ ਹਾਂ ਤਾ ਸੋਚਦਾ ਹਾਂ ਕਿ ਜੇ ਸ਼ਾਇਦ 1985 ਵਿਚ ਮੇਰੇ ਮਾਸਟਰ ਜੀ ਮੈਨੂੰ ਨੇਕ ਸਲਾਹ ਤੇ ਅਗਵਾਈ ਨਾ ਦਿੰਦੇ ਤਾਂ ਓਥੇ ਪਿੰਡ ਵਿਚ ਹੀ ਘਾ ਖੋਤਦੇ ਹੁੰਦੇ ਤੇ ਆਹ ਜਵਾਕ ਕਿੱਥੋਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਪੜਦੇ ਹੁੰਦੇ।
1984 ਵਿਚ ਜਦੋਂ ਅਸੀਂ ਹਾਲੇ ਨੌਵੀਂ ਵਿੱਚੋ ਦਸਵੀਂ ਵਿਚ ਹੋਏ ਹੀ ਸੀ ਤਾਂ ਓਹਨਾਂ ਨੇ ਹਿਸਾਬ ਦੀ ਪਹਿਲੀ ਕਲਾਸ ਵਿਚ ਕਿਹਾ ਕਿ ਲੈ ਬਈ ਹੁਣ ਤਕ ਨੌ ਸਾਲਾਂ ਵਿਚ ਤੁਸੀਂ ਕਿਸੇ ਨੇ ਜਿੰਨੇ ਮਰਜ਼ੀ ਨੰਬਰ ਲਏ ਹੋਣ ਕੋਈ ਮੁੱਲ ਨਹੀਂ ਸਗੋਂ ਇਸ ਸਾਲ ਦੇ ਨੰਬਰਾਂ ਨੇ ਹੀ ਫੈਸਲਾ ਕਰਨਾ ਹੈ ਕਿ ਕੌਣ ਵਧੀਆ ਹੈ ਇਸ ਲਈ ਜ਼ੋਰ ਲਾ ਲਵੋ, ਉਨਾਂ ਦੀ ਪ੍ਰੇਰਨਾ ਨਾਲ ਹੀ ਕਈ ਵਿਦਿਆਰਥੀ ਆਪਣੇ ਵਿੱਦਿਅਕ ਜੀਵਨ ਦਾ ਆਧਾਰ ਬਣਾ ਸਕੇ। ਮੈਂ ਭਰੇ ਮਨ ਨਾਲ ਉਨਾਂ ਨੂੰ ਯਾਦ ਕਰਦਾ ਹੋਇਆ ਇਸ ਵਕਤ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਮਾਸਟਰ ਸੇਵਾ ਸਿੰਘ ਜੀ ਬੀੜ ਰਾਊਕੇ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ।
