
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ 2021
ਅਮਰੀਕਾ ਦੀ ਪਹਿਲੀ ਨੈਸ਼ਨਲ ਯੂਥ ਕਵੀ ਅਮੰਡਾ ਗੋਰਮੈਨ ਨੇ ਐਤਵਾਰ ਨੂੰ ਕੰਸਾਸ ਸਿਟੀ ਚੀਫਜ਼ ਅਤੇ ਟਾਂਪਾ ਬੇਅ ਬੁਕੇਨੀਅਰਜ਼ ਵਿਚਕਾਰ ਸੁਪਰ ਬਾਲ ਗੇਮ ਤੋਂ ਪਹਿਲਾਂ ਆਪਣੀ ਕਵਿਤਾ ਸੁਣਾ ਕੇ ਪੇਸ਼ਕਾਰੀ ਦਿੱਤੀ । ਗੋਰਮੈਨ ਨੇ ਖੇਡ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਕਵਿਤਾ, ” ਚੋਰਸ ਆਫ਼ ਕਪਤਾਨ”, ਦੀ ਪੇਸ਼ਕਾਰੀ ਕਰਕੇ ਮੌਜੂਦ ਲੋਕਾਂ ਦਾ ਦਿਲ ਜਿੱਤਿਆ। ਗੋਰਮੈਨ (22) ਸੁਪਰ ਬਾਲ ਗੇਮ ‘ਤੇ ਕਵਿਤਾ ਸੁਣਾਉਣ ਵਾਲੀ ਪਹਿਲੀ ਕਵੀ ਹੈ। ਇਸਦੇ ਇਲਾਵਾ ਇਹ ਨੌਜਵਾਨ ਕਵੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣੀ ਕਵਿਤਾ “ਦਿ ਹਿੱਲ ਵੀ ਕਲਾਂਇਬ” ਦੀ ਪੇਸ਼ਕਾਰੀ ਨਾਲ ਦੇਸ਼ ਵਿੱਚ ਇੱਕ ਸਨਸਨੀ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਈ ਸੀ। ਗੋਰਮੈਨ ਰਾਸ਼ਟਰਪਤੀ ਦੇ ਉਦਘਾਟਨੀ ਸਮਾਰੋਹ ਦੌਰਾਨ ਕਵਿਤਾ ਸੁਣਾਉਣ ਵਾਲੀ ਵੀ ਸਭ ਤੋਂ ਛੋਟੀ ਕਵੀ ਹੈ।ਦੇਸ਼ ਦੀ ਉੱਭਰ ਰਹੀ ਇਸ ਕਲਾਕਾਰ ਨੇ ਕਵਿਤਾ ਨੂੰ ਇੱਕ ਹਥਿਆਰ ਵਜੋਂ ਵਰਣਿਤ ਕੀਤਾ ਹੈ ਜੋ ਕਿ ਸਮਾਜਿਕ ਤਬਦੀਲੀ ਦਾ ਇੱਕ ਸਾਧਨ ਹੈ।ਇਸਦੇ ਇਲਾਵਾ ਇਸ ਮੌਕੇ ਕਈ ਹੋਰ ਸਖਸ਼ੀਅਤਾਂ ਜਿਵੇ ਕਿ ਗ੍ਰੈਮੀ ਪੁਰਸ਼ਕਾਰ ਜੇਤੂ ਕਲਾਕਾਰ ਐਚ.ਈ.ਆਰ., ਆਰ ਐਂਡ ਬੀ ਅਤੇ ਪੌਪ ਸਟਾਰ ਜਾਜਮੀਨ ਸੁਲੀਵਨ ਦੇ ਇਲਾਵਾ ਗ੍ਰੈਮੀ ਨਾਮਜ਼ਦ ਗਾਇਕ ਐਰਿਕ ਚਰਚ ਦੁਆਰਾ ਵੀ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ। ਐਚ.ਈ.ਆਰ. ਨੇ “ਅਮੇਰੀਕਾ ਦਿ ਬਿਊਟੀਫੁੱਲ” ਗਾਇਆ, ਜਦੋਂ ਕਿ ਸੁਲੀਵਨ ਅਤੇ ਚਰਚ ਨੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਕੀਤੀ।