ਮੋਗਾ,ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ) ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਭਾਗੀਕੇ ਵਿਖੇ ਕਿਸਾਨਾਂ ਲਈ ਕੋਈ ਪ੍ਰਬੰਧ ਨਾ ਕਰਨ ਤੇ ਭੜਕੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਦੀ ਅਗਵਾਈ ਵਿੱਚ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਪੰਜਾਬ ਦਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਖੋਟੇ, ਸਰਪੰਚ ਰਣਜੀਤ ਸਿੰਘ ਜੀਤਾ ਭਾਗੀਕੇ, ਦਾਰਾ ਸਿੰਘ ਭਾਗੀਕੇ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਅਤੇ ਵਿਭਾਗ ਵੱਲੋਂ ਕਣਕ ਦੀ ਖ੍ਰੀਦ ਵਿੱਚ ਕਿਸਾਨਾਂ ਲਈ ਵੱਡੇ ਐਲਾਣ ਕੀਤੇ ਜਾਦੇ ਹਨ ਪਰ ਦਾਣਾ ਮੰਡੀ ਭਾਗੀਕੇ ਵਿਖੇ ਅੱਜ ਜਿਨਾਂ ਕਿਸਾਨਾਂ ਨੂੰ ਪਾਸ ਜਾਰੀ ਹੋਏ ਸਨ ਉਹ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਏ ਸਨ ਤਾਂ ਇਸ ਮੰਡੀ ਵਿੱਚ ਨਾਂ ਤਾਂ ਕੋਈ ਆੜਤੀਆਂ, ਅਧਿਕਾਰੀ ਅਤੇ ਨਾਂ ਹੀ ਕੋਈ ਮਜ਼ਦੂਰ ਹਾਜਰ ਸੀ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਵੱਲੋ ਦਾਣਾ ਮੰਡੀ ਵਿੱਚ ਪੀਣ ਵਾਲੇ ਪਾਣੀ, ਲਾਇਟ, ਛਾ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨਾਂ ਦੀ ਫਸਲ ਦੀ ਖ੍ਰੀਦ ਕਰਨ ਤੋਂ ਭੱਜ ਰਹੀ ਹੈ ਪਰ ਜਥੇਬੰਦੀ ਵੱਲੋਂ ਕਣਕ ਦੇ ਇੱਕ-ਇੱਕ ਦਾਣੇ ਦੀ ਖ੍ਰੀਦ ਕਰਵਾਈ ਜਾਵੇਗੀ। ਇਸ ਸਮੇਂ ਪ੍ਰਧਾਨ ਕੁਲਜੀਤ ਸਿੰਘ ਭਾਗੀਕੇ, ਪ੍ਰਧਾਨ ਹਰਮੰਦਰ ਸਿੰਘ, ਵਿੱਕੀ ਭਾਗੀਕੇ, ਗੁਰਜੀਤ ਸਿੰਘ ਪੰਚ, ਕੁਲਵੰਤ ਖੰਨਾ ਪੰਚ, ਰਿੱਕੂ ਭਾਗੀਕੇ , ਜੱਗਾ ਕਨੇਡੀਅਨ, ਅਜੈਬ ਸਿੰਘ, ਮੇਜਰ ਸਿੰਘ, ਗੁਰਦਾਸ ਸਿੰਘ, ਕ੍ਰਿਸਨ ਸਿੰਘ, ਹਰਬੰਸ ਸਿੰਘ, ਜੀਤ ਸਿੰਘ ਆਦਿ ਹਾਜਰ ਸਨ। ਇਸ ਸਬੰਧੀ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਭਾਗੀਕੇ ਵਿਖੇ ਕਿਸੇ ਵੀ ਕਿਸਾਨ ਨੂੰ ਅੱਜ ਲਈ ਪਾਸ ਜਾਰੀ ਨਹੀ ਕੀਤਾ ਗਿਆ ਇਸ ਲਈ ਜੇਕਰ ਕਿਸਾਨ ਦਾਣਾ ਮੰਡੀ ਵਿੱਚ ਕਣਕ ਲੈ ਕੇ ਆਏ ਹਨ ਤਾਂ ਉਹ ਗੈਰ ਕਾਨੂੰਨੀ ਹੈ।