12.5 C
United Kingdom
Sunday, September 6, 2026

More

    ਸਾਡਾ ਮੁੱਖ ਮਕਸਦ ਪੰਜਾਬੀ ਅਦਬ ਦੀ ਫਲਾਹੋ-ਬਹਿਬੂਦਗੀ ਲਈ ਕੰਮ ਕਰਨਾ ਹੈ-ਜਮੀਲ ਅਬਦਾਲੀ

    ਮਲੇਰਕੋਟਲਾ, 1 ਫਰਵਰੀ (ਪੰਜ ਦਰਿਆ ਬਿਊਰੋ)-ਪੰਜਾਬੀ ਅਦਬ ਦੇ ਮਸ਼ਹੂਰ-ਓ-ਮਾਰੂਫ ਸ਼ਾਇਰ ਜਨਾਬ ਜਮੀਲ ਅਬਦਾਲੀ ਦੀ ਪੁਸਤਕ ‘ਆ ਗਿਆ ਗੀਤਾਂ ਦਾ ਵਣਜਾਰਾ’’  ਸੀਨੀਅਰ ਪੱਤਰਕਾਰ ਮੁਹੰਮਦ ਹਨੀਫ ਥਿੰਦ ਨੂੰ ਸੌਗਾਤ ਵਜੋਂ ਤੋਹਫ਼ਾ ਦੇਣ ਸਮੇਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘‘ਪੰਜਾਬੀ ਅਦਬ ਕਲਾ ਕੇਂਦਰ’’ ਦੇ ਪ੍ਰਬੰਧਕ ਜਨਾਬ ਜਮੀਲ ਅਬਦਾਲੀ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬੀ ਅਦਬ ਦੀ ਫਲਾਹੋ-ਬਹਿਬੂਦਗੀ  ਲਈ ਕੰਮ ਕਰਨਾ ਹੈ। ਉਹਨਾਂ ਇਸ ਸਮੇਂ ਪੁੱਜੇ ਪੱਤਰਕਾਰਾਂ ਨੂੰ ਆਪਣੀ ਨਵੀਂ ਆਈ ਪੁਸਤਕ ਦੀਆਂ ਕਾਪੀਆਂ ਵੀ ਤੋਹਫ਼ੇ ਵਜੋਂ ਭੇਟ ਕੀਤੀਆਂ । ਉਹਨਾਂ ਅੱਗੇ ਕਿਹਾ ਕਿ ਸਾਡੇ ਉਪਰਾਲਿਆਂ ਵਿਚ ਨਵੀਂਆਂ ਕਲਮਾਂ ਨੂੰ ਉਤਸ਼ਾਹਿਤ ਕਰਕੇ ਪੰਜਾਬੀ ਅਦਬ ਦੇ ਵਿਹੜੇ ਵਿਚ ਪੱਕੇ ਪੈਰੀਂ ਕਰਨਾ ਹੈ। ਇਸ ਸਮੇਂ ਉਹਨਾਂ ਵਲੋਂ ਚਲਾਈ ਜਾ ਰਹੀ ਅਦਬੀ ਤਨਜ਼ੀਮ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਪੰਜਾਬੀ ਅਦਬ ਕਲਾ ਕੇਂਦਰ’ ਹਰ ਸਾਲ ਰਾਜ ਪੱਧਰ ਦਾ ਪੰਜਾਬੀ ਕਵੀ ਦਰਬਾਰ ਵੀ ਕਰਵਾਉਂਦਾ ਹੈ। ਉਹਨਾਂ ਅੱਗੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜਦੋਂ ਲੋਕਾਈ ਆਪਣੇ ਘਰਾਂ ਅੰਦਰ ਬੰਦ ਹੋ ਕੇ ਰਹਿਣ ਲਈ ਮਜ਼ਬੂਰ ਹੋ ਗਈ ਸੀ ਉਦੋਂ ਵੀ ਕੇਂਦਰ ਨੇ ਡਿਜ਼ੀਟਲ ਤਕਨੀਕ ਦਾ ਸਹਾਰਾ ਲੈ ਕੇ ਪਾਠਕ ਵਰਗ ਨਾਲ ਆਪਣੀ ਸਾਂਝ ਬਣਾਈ ਰੱਖੀ। ਇਸ ਲਈ ਕੇਂਦਰ ਨੇ ਅਲੱਗ-ਅਲੱਗ ਉਨਵਾਨ ਤਹਿਤ ਪੰਜਾਬੀ ਮੁਸ਼ਾਇਰੇ ਕਰਵਾਏ। ਜਿਸ ਵਿਚ ਆਲਮੀ ਪੰਜਾਬੀ ਮੁਸ਼ਾਇਰਾ, ਇੰਡੋ-ਪਾਕ ਪੰਜਾਬੀ ਮੁਸ਼ਾਇਰਾ, ਕੁੱਲ–ਹਿੰਦ ਪੰਜਾਬੀ ਮੁਸ਼ਾਇਰਾ ਅਤੇ ਪੰਜਾਬ ਪੱਧਰ ਦੇ ਪੰਜਾਬੀ ਮੁਸ਼ਾਇਰਿਆਂ ਜ਼ਰੀਏ ਲੋਕਾਈ ਨਾਲ ਅਦਬੀ ਸਾਂਝ ਬਣਾਈ ਰੱਖੀ। ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਦੇ ਹੋਏ ਪੰਜਾਬ ਦੇ ਕੋਨੇ-ਕੋਨੇ ਤੋਂ ਸੁਹਿਰਦ ਤੇ ਸੁਚੱਜੀਆਂ ਕਲਮਾਂ ਦਾ ਸਹਿਯੋਗ ਲੈ ਕੇ ਕੇਂਦਰੀ ਸਰਕਾਰ ਨੂੰ ਵੰਗਾਰਦਾ ਹੋਇਆ ਪੰਜਾਬੀ ਕਵੀ ਦਰਬਾਰ ਵੀ ਕਰਵਾਇਆ ਜੋ ਕਿ ਸ਼ੋਸ਼ਲ ਮੀਡੀਆ ’ਤੇ ਬਹੁਤ ਚਰਚਿਤ ਰਿਹਾ । ਆ ਗਿਆ ਗੀਤਾਂ ਦਾ ਵਣਜਾਰਾ” ਪੁਸਤਕ ਵਿਚ  ਮਾਦਰੀ ਜ਼ੁਬਾਨ ਸ਼ੋਸ਼ਲ ਮੀਡੀਏ ‘ਤੋਂ ਪ੍ਰਵਾਨ ਚੜ੍ਹਿਆ ਮਾਂ ਬੋਲੀ ਪੰਜਾਬੀ ਦਾ ਮਸ਼ਹੂਰ-ਓ-ਮਾਅਰੂਫ਼ ਸ਼ਾਇਰ ਜਮੀਲ ‘ਅਬਦਾਲੀ’ ਨੇ ਅਪਣੀ ਪੁਸਤਕ “ਆ ਗਿਆ ਗੀਤਾਂ ਦਾ ਵਣਜਾਰਾ” ਰਾਹੀਂ ਪੰਜਾਬੀ ਦੇ ਮਤਰੂਕ-ਓ-ਮਨਸੂਖ਼ ਹੋ ਰਹੀ ਸ਼ਬਦਾਵਲੀ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਮਾਲੇਰਕੋਟਲਾ ਖਿੱਤੇ ਦੀ ਇਲਾਕਾਈ ਭਾਸ਼ਾ ਰਾਹੀਂ ਪਾਠਕ ਵਰਗ ਨਾਲ ਗੁਫ਼ਤਗ਼ੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਿਤਾਬ ਦੀ ਖਾਸੀਅਤ ਦੱਸਦਿਆਂ ਜਨਾਬ ਜਮੀਲ ‘ਅਬਦਾਲੀ’ ਨੇ ਹੋਰ ਦੱਸਿਆ ਕਿ ਇਸ ਵਿਚ 10 ਸਾਲ ਦੇ ਵਿਦਿਆਰਥੀ ਤੋਂ ਲੈ ਕੇ  100 ਸਾਲ ਤੱਕ ਦੀ ਉਮਰ ਦੇ ਹਰੇਕ ਤਬਕੇ ਦੀ ਪਸੰਦ ਦਾ ਖਿਆਲ ਰੱਖਿਆ ਗਿਆ ਹੈ। ਇਸ ਵਿਚਲੇ ਗੀਤ, ਸ਼ਹਿਰੀ ਅਤੇ ਦਿਹਾਤੀ ਪਾਠਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ। ਇਸ ਵਿਚ ਸਮਾਜਿਕ ਸਰੋਕਾਰਾਂ, ਰਹੁ-ਰੀਤਾਂ ਉੱਤੇ ਕਟਾਖਸ ਔਰ ਤਨਜ਼-ਓ-ਤਨਕੀਦ ਵੀ ਹੈ। ਪਿਆਰ ਮੁਹੱਬਤ ਨਾਲ ਗੜੁੱਚ ਗੀਤ ਵੀ ਹਨ। ਇਸ ਵਿਚ ਲੇਖਕ ਨੇ ਗੀਤ, ਕਵਿਤਾ ਅਤੇ ਸੂਫ਼ੀਆਨਾ ਕਲਾਮ ਨੂੰ ਆਪਣੇ ਸੁਨੇਹੇ ਦਾ ਮਾਧਿਅਮ ਬਣਾਇਆ ਹੈ। ਇਸ ਸਮੇਂ ਜਨਾਬ ਜਮੀਲ ਅਬਦਾਲੀ ਨੇ ਮਲੇਰਕੋਟਲਾ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਨੇ ਹਮੇਸ਼ਾ ਹੱਕ-ਸੱਚ ਤੇ ਪਹਿਰਾ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਮਲੇਰਕੋਟਲਾ ਪ੍ਰੈਸ  ਮਾਦਰੀ ਜ਼ੁਬਾਨ ਦੀ ਪ੍ਰਫੁੱਲਤਾ ਲਈ ਸਾਨੂੰ ਪੂਰਨ ਸਹਿਯੋਗ ਦੇ ਰਹੀ ਹੈ।  

    ਪੰਜਾਬੀ ਅਦਬ ਦੇ ਮਸ਼ਹੂਰ-ਓ-ਮਾਅਰੂਫ ਸ਼ਾਇਰ ਜਨਾਬ ਜਮੀਲ ਅਬਦਾਲੀ ਆਪਣੀ ਪੁਸਤਕ ‘ਆ ਗਿਆ ਗੀਤਾਂ ਦਾ ਵਣਜਾਰਾ’’ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ ਥਿੰਦ ਨੂੰ ਤੋਹਫ਼ੇ ਵਜੋਂ ਭੇਟ ਕਰਦੇ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!