ਮਲੇਰਕੋਟਲਾ, 1 ਫਰਵਰੀ (ਪੰਜ ਦਰਿਆ ਬਿਊਰੋ)-ਨਗਰ ਕੌਂਸਲ ਚੋਣਾਂ ਦਾ ਬੁਖਾਰ ਜਦੋਂ ਕਿ ਹੁਣ ਸਿਰ ਚੜ ਕੇ ਬੋਲ ਰਿਹਾ ਹੈ ਅਤੇ ਮਲੇਰਕੋਟਲਾ ਸ਼ਹਿਰ ਅੰਦਰ ਹਰ ਪਾਸੇ ਨਗਰ ਕੌਂਸਲ ਚੋਣਾਂ ਬਾਰੇ ਖੁੰਢ ਚਰਚਾਵਾਂ ਚੱਲ ਰਹੀਆਂ ਹਨ। ਅਜਿਹੇ ਵਿਚ ਆਪਣੇ-ਆਪਣੇ ਵਾਰਡਾਂ ਵਿਚ ਇਕ-ਦੂਜੇ ਅੱਗੇ ਨਿਕਲਣ ਦੀ ਹੋੜ ਵਿਚ ਵੱਖ-ਵੱਖ ਪਾਰਟੀਆਂ ਵਲੋਂ ਐਲਾਨੇ ਜਾ ਚੁੱਕੇ ਉਮੀਦਵਾਰ ਵੀ ਪੱਬਾਂ ਭਾਰ ਨਜਰ ਆ ਰਹੇ ਹਨ। ਇਸੇ ਕੜੀ ਤਹਿਤ ਸ਼ਹਿਰ ਦੇ ਵਾਰਡ ਨੰਬਰ 6 ਜੋ ਕਿ ਮੁਹੱਲਾ ਜੁਲਾਹਿਆਂ ਵਾਲਾ, ਭੱਟੀ ਸਟਰੀਟ, ਮਸਜਿਦ ਵਾਲਾ ਮੁਹੱਲਾ, ਸਿੱਖਾਂ ਵਾਲਾ ਮੁਹੱਲਾ, ਘੁਮਿਆਰਾਂ ਵਾਲਾ ਮੁਹੱਲਾ, ਜੁਝਾਰ ਸਿੰਘ ਨਗਰ, ਬਿਲਾਲ ਮਸਜਿਦ ਵਾਲਾ ਮੁਹੱਲੇ ਆਦਿ ਤੇ ਆਧਾਰਿਤ ਹੈ ਤੋਂ ਆਜਾਦ ਉਮੀਦਵਾਰ ਮੁਹੰਮਦ ਬੂੰਦੂ ਪਰਧਾਨ ਪਹਿਲੀ ਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਜੋ ਕਿ ਇਲਾਕੇ ਦੇ ਲੋਕਾਂ ਨਾਲ ਲੰਬੇ ਸਮੇਂ ਤੋਂ ਜਮੀਨੀ ਪੱਧਰ ਤੇ ਜੁੜੇ ਹੋਏ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਆਪਣੀਆਂ ਸੇਵਾਵਾਂ ਲਗਾਤਾਰ ਨਿਭਾਉਂਦੇ ਆ ਰਹੇ ਹਨ। ਉਹ ਸੇਵਾਵਾਂ ਚਾਹੇ ਗਰੀਬ ਲੜਕੀਆਂ ਦੇ ਵਿਆਹ ਕਰਨੇ ਹੋਣ ਜਾਂ ਲੋਕਾਂ ਦੇ ਘਰੈਲੂ ਮਸਲਿਆਂ ਨੂੰ ਮਿਲ ਬੈਠ ਕੇ ਹੱਲ ਕਰਵਾਉਣਾ ਹੋਵੇ ਲਈ ਹਮੇਸ਼ਾਂ ਲੋਕਾਂ ਨਾਲ ਚੱਟਾਨ ਬਣਕੇ ਖੜਦੇ ਹਨ। ਜਿਕਰਯੋਗ ਹੈ ਕਿ ਬੂੰਦੂ ਪਰਧਾਨ ਯਤੀਮਾਂ, ਗਰੀਬਾਂ, ਮਿਸਕੀਨਾਂ ਤੇ ਬੇਸਹਾਰਿਆਂ ਲਈ ਲਾਕਡਾਊਨ ਦੇ ਸਮੇਂ ਵੀ ਲੋਕਾਂ ਦਾ ਸਹਾਰਾ ਬਣੇ ਸਨ।
ਇਲਾਕੇ ਦੇ ਸਮਾਜਸੇਵੀ ਬੁੰਦੂ ਪਰਧਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵੋਟਾਂ ਵਿਚ ਖੜਨ ਦਾ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਮਿਲ ਬੈਠ ਕੇ ਹੱਲ ਕਰਨਾ ਹੈ ਨਾ ਕਿ ਸਾਡੀਆਂ ਮਾਵਾਂ, ਧੀਆਂ-ਭੈਣਾਂ ਜਾਂ ਸਾਡੇ ਬਜੁਰਗ ਤੇ ਨੌਜਵਾਨ ਥਾਣੇ-ਕਚਹਿਰੀਆਂ ਵਿਚ ਨਾਂ ਰੁਲਣ। ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਾ ਹੈ।ਉਹਨਾਂ ਅੱਗੇ ਕਿਹਾ ਸਾਡੇ ਅੰਦਰ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਭਾਵਨਾ ਹੋਣੀ ਚਾਹੀਦੀ ਹੈ ਤੇ ਉਹ ਇਲਾਕੇ ਦੇ ਲੋਕਾਂ ਦੀ ਹਮੇਸ਼ਾ ਸੇਵਾ ਕਰਦੇ ਆ ਰਹੇ ਹਨ ਤੇ ਸਦਾ ਕਰਦੇ ਰਹਿਣਗੇ। ਉਹਨਾਂ ਰੱਬ ਤੇ ਉਮੀਦ ਕਰਦਿਆਂ ਕਿਹਾ ਕਿ ਵਾਰਡ ਨੰਬਰ 6 ਦੇ ਹਰ ਧਰਮ ਦੇ ਵੋਟਰ ਉਹਨਾਂ ਨੂੰ ਵੋਟ ਪਾਕੇ ਜਰੂਰ ਸਫਲ ਬਣਾਉਣਗੇ।