
ਅਸ਼ੋਕ ਵਰਮਾ, ਬਠਿੰਡਾ: ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਅੱਜ ਜਿਹਨਾਂ ਪੰਜ ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ’ਚ ਤਿਨ ਦਲਬਦਲੀ ਕਰਨ ਵਾਲੇ ਨੇਤਾ ਹਨ ਜਦੋਂਕਿ ਦੋ ਟਕਸਾਲੀ ਕਾਂਗਰਸੀ ਹਨ। ਹਾਲਾਂਕਿ ਸਿਆਸੀ ਵਫਦਾਰੀਆਂ ਬਦਲਨ ਵਾਲਿਆਂ ਦੀ ਭਵਿੱਖ ਕੀ ਹੋਵੇਗਾ ਇਹ ਤਾਂ ਵੋਟਰ ਤੈਅ ਕਰਨਗੇ ਪਰ ਕਾਂਗਰਸ ਨੇ ਆਪਣਾ ਵਾਅਦਾ ਪੁਗਾਉਂਦਿਆਂ ਅਕਾਲੀ ਦਲ ਅੱਗੇ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜੋ ਸੂਚੀ ਜਾਰੀ ਕੀਤੀ ਹੈ ਉਸ ’ਚ ਦੋ ਵਾਰ ਅਕਾਲੀ ਦਲ ਵੱਲੋਂ ਕੌਂਸਲਰ ਰਹਿ ਚੁੱਕੇ ਮਾਸਟਰ ਹਰਮੰਦਰ ਸਿੰਘ ਨੂੰ ਵਾਰਡ ਨੰਬਰ 28 ਤੋਂ ਟਿਕਟ ਦਿੱਤੀ ਗਈ ਹੈ । ਸਾਬਕਾ ਕੌਂਸਲਰ ਸ਼ਾਮ ਲਾਲ ਜੈਨ ਵੀ ਅਕਾਲੀ ਦਲ ਨਾਲੋਂ ਨਾਤਾ ਤੋੜਕੇ ਕਾਂਗਰਸ ’ਚ ਆਏ ਹਨ ਜਿਹਨਾਂ ਨੂੰ ਵਾਰਡ ਨੰਬਰ 24 ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰਾਂ ਹੀ ਅਕਾਲੀ ਹਲਕਿਆਂ ’ਚ ਮੋਹਰੀ ਵਜੋਂ ਵਿਚਰਦੇ ਰਹੇ ਅਤੇ ਨਗਰ ਨਿਗਮ ਹਾਊਸ ’ਚ ਤਿੱਖੀ ਬਹਿਸ ਕਰਨ ਵਾਲੇ ਦੋ ਵਾਰ ਕੌਂਸਲਰ ਰਹਿ ਚੁੱਕੇ ਬਲਜੀਤ ਸਿੰਘ ਰਾਜੂ ਸਰਾਂ ਨੂੰ ਵਾਰਡ ਨੰਬਰ 10 ਤੋਂ ਉਮੀਦਵਾਰ ਹੋਣਗੇ। ਕਾਂਗਰਸ ਪਾਰਟੀ ਨੇ ਵਾਰਡ ਨੰਬਰ 30 ਤੋਂ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਬਲਜਿੰਦਰ ਠੇਕੇਦਾਰ ਚੋਣ ਲੜਨਗੇ ਜਦੋਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਪਵਨ ਮਾਨੀ ਦੀ ਪਤਨੀ ਪਰਵੀਨ ਗਰਗ ਨੂੰ 31 ਨੰਬਰ ਵਾਰਡ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਚੋਣਾਂ ਲਈ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਹੁਣ ਤਕ 12 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰ ਚੁੱਕੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਤੀਜੀ ਸੂਚੀ ੳ ਜਾਰੀ ਕਰ ਦਿੱਤੀ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਕੇ ਬਠਿੰਡਾ ਚ ਆਪਣਾ ਮੇਅਰ ਬਣਾਏਗੀ। ਕਾਂਗਰਸ ਪਾਰਟੀ ਨੇ ਜਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।