

ਅਮਰਜੀਤ ਕੌਰ ਦੀ ਅਗਵਾਈ’ਚ ਕਿਸਾਨ ਔਰਤਾਂ ਵੱਲੋਂ ਭੁੱਖ ਹੜਤਾਲ
ਅਸ਼ੋਕ ਵਰਮਾ, ਬਰਨਾਲਾ: ਤਿੰਨ ਖੇਤੀ ਵਿਰੋਧੀ ਕਾਨੂੰਨਾਂ , ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ85ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ ਔਰਤਾਂ ਦੇ 12 ਮੈਂਬਰੀ ਕਿਸਾਨ ਕਾਫਲੇ ਵੱਲੋਂ ਚੌਥੇ ਦਿਨ ਭੁੱਖ ਹੜਤਾਲ ਰੱਖੀ ਗਈ। ਅੱਜ ਚੌਥੇ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਅਮਰਜੀਤ ਕੌਰ, ਸੁਰਜੀਤ ਕੌਰ, ਦਰਸ਼ਨ ਕੌਰ, ਜਲ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਗਰਬੰਸ ਕੌਰ, ਪਰਮਜੀਤ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ ਅਤੇ ਪ੍ਰਮਿੰਦਰ ਕੌਰ ਸ਼ਾਮਲ ਸਨ। ਬੀਕੇਯੂ ਏਕਤਾ ਡਕੌਂਦਾ ਦੀ ਆਗੂ ਅਮਰਜੀਤ ਕੌਰ ਨੇ ਭਵਿੱਖ ’ਚ ਵੀ ਨਿਰੋਲ ਕਿਸਾਨ ਔਰਤਾਂ ਦਾ ਕਾਫਲਾ ਭੁੱਖ ਹੜਤਾਲ ਉੱਪਰ ਬੈਠਣ ਦਾ ਐਲਾਨ ਕੀਤਾ । ਉਹਨਾਂ ਆਖਿਆ ਕਿ ਸੰਚਾਲਨ ਕਮੇਟੀ ਕਿਸਾਨ ਔਰਤਾਂ ਲਈ ਭੁੱਖ ਹੜਤਾਲ ਦਾ ਸਮਾਂ ਨਿਸ਼ਚਤ ਕਰੇ।
ਓਧਰ ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾ ਰਹੇ ਹਨ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ ਸਗੋਂ ਬਰਨਾਲਾ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਪੁੱਜ ਰਹੇ ਹਨ। ਅੱਜ ਰੈਵਨਿਊ ਕਾਨੂੰਗੋ/ਪਟਵਾਰ ਯੂਨੀਅਨ ਨੇ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਸੰਚਾਲਨ ਕਮੇਟੀ ਨੂੰ 5100 ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ। ਆਗੂਆਂ ਨੇ ਭਵਿੱਖ ’ਚ ਵੀ ਸੰਚਾਲਨ ਕਮੇਟੀ ਨੂੰ ਹਰ ਪੱਖੋਂ ਸਹਿਯੋਗ ਕਰਨ ਦਾ ਵਾਅਦਾ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੰਘਰਸ਼ ਮੁਲਕ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ । ਉਹਨਾਂ ਆਖਿਆ ਕਿ ਜਿਸ ਤਰਾਂ ਲੋਕ ਏਕਤਾ ਦਾ ਦਰਿਆ ਵਗ ਰਿਹਾ ਹੈ ਉਹ ਮੋਦੀ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਣ ਲਈ ਮਜਬੂਰ ਕਰ ਦੇਵੇਗਾ।
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਸਰਪੰਚ , ਉਜਾਗਰ ਸਿੰਘ ਬੀਹਲਾ, ਹਰਚਰਨ ਚੰਨਾ, ਨਿਰੰਜਣ ਸਿੰਘ ਠੀਕਰੀਵਾਲ, ਕਰਨੈਲ ਸਿੰਘ ਗਾਂਧੀ, ਨੇਕਦਰਸ਼ਨ ਸਿੰਘ, ਪਰਮਜੀਤ ਕੌਰ, ਜਸਪਾਲ ਕੌਰ, ਹਰਚਰਨ ਚੰਨਾ, ਵਿਜੈ ਕੁਮਾਰ, ਮਨੋਹਰ ਲਾਲ ਆਦਿ ਬੁਲਾਰਿਆਂ ਨੇ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਅਕਾਸ਼ ਗੁੰਜਾਊ ਨਾਹਰਿਆਂ ‘ਸਾਂਝੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ-ਲਾਲ ਸਲਾਮ, ਸ਼ਹੀਦੋ ਥੋਡਾ ਕਾਜ ਅਧੂਰਾ-ਲਾਕੇ ਜਿੰਦਗੀਆਂ ਕਰਾਂਗੇ ਪੂਰਾ’ ਨਾਲ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਅਹਿਦ ਕੀਤਾ ਗਿਆ ਕਿ ਸ਼ਹੀਦਾਂ ਦੇ ਅਧੂਰੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਖਿਲ਼ਾਫ ਸਾਂਝਾ ਕਿਸਾਨ ਸੰਘਰਸ਼ ਹਰ ਹਾਲਤ ਵਿੱਚ ਜਾਰੀ ਰੱਖਿਆ ਜਾਵੇਗਾ,ਭਾਵੇਂ ਇਸ ਕਾਜ ਲਈ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾਂ ਦੇਣੀ ਪਵੇ।
ਜਮੀਨਾਂ ਵੱਲ ਝਾਕਣ ਨਹੀਂ ਦੇਣਗੇ ਕਿਸਾਨ
ਮੁਲਕ ਪੱਧਰ ਦੀਆਂ 472 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ ਵਿਖੇ ਚੱਲ ਰਹੇ ਧਰਨਿਆਂ ਮੌਕੇ ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚੰਨਾ, ਮੇਜਰ ਸਿੰਘ ਸੰਘੇੜਾ , ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਐਡਵੋਕੇਟ ਸਵਰਨ ਸਿੰਘ ਸੰਘੇੜਾ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦਾ ਗਰੂਰ ਭੰਨਣ ਅਤੇ ਗੋਦੀਆਂ ਮੀਡੀਆ ਵੱਲੋਂ ਫੈਲਾਏ ਜਾ ਰਹੇ ਗੁਮਰਾਹਕੰੁਨ ਪਰਚਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਪੜਾਅਵਾਰ ਅੱਗੇ ਵਧ ਰਹੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ।ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਹਰ ਅਗਲੇਰੇ ਪੜਾਅ ਲਈ ਉਤਸ਼ਾਹ ਲਗਾਤਾਰ ਵਧ ਰਿਹਾ ਹੈ ਜਿਸ ਦੇ ਜੋਰ ਤੇ ਅੰਤਮ ਜਿੱਤ ਤੱਕ ਲੜਾਈ ਲੜੀ ਜਾਏਗੀ ਅਤੇ ਜਮੀਨਾਂ ਵੱਲ ਕਿਸੇ ਨੂੰ ਝਾਕਣ ਨਹੀਂ ਦਿੱਤਾ ਜਾਏਗਾ।