(ਹਰਜੀਤ ਲਸਾੜਾ, ਬ੍ਰਿਸਬੇਨ 21 ਦਸੰਬਰ) ਇੱਥੇ ਸਾਹਿਤਕ ਸੰਸਥਾ ਇਪਸਾ ਵੱਲੋਂ ਇਨਾਲਾ ਲਾਇਬ੍ਰੇਰੀ ਵਿਖੇ ਚੌਥਾ ਭਾਰਤੀ ਸਾਹਿਤ ਉਤਸਵ ਮਨਾਇਆ ਗਿਆ ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨ ਭਾਸ਼ਾਈ ਸ਼ਾਇਰਾਂ ਅਤੇ ਸਰੋਤਿਆਂ ਨੇ ਸ਼ਿਰਕਤ ਕੀਤੀ। ਮਨਜੀਤ ਬੋਪਾਰਾਏ ਵੱਲੋਂ ਬੈਠਕ ‘ਚ ਪੁੱਜੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਰਬਜੀਤ ਸੋਹੀ ਵੱਲੋਂ ਸੰਸਥਾਂ ਦੀਆਂ ਸਰਗਰਮੀਆਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਇਸ ਮੌਕੇ ਸੰਸਥਾ ਕਰਮੀਆਂ ਤੋਂ ਇਲਾਵਾ ਮੀਤ ਧਾਲੀਵਾਲ, ਆਤਮਾ ਹੇਅਰ, ਨੀਤੂ ਸਿੰਘ ਮਲਿਕ, ਵਿਭਾ ਸਿੰਘ, ਸੋਮਾ ਨਾਇਰ, ਤਾਰਿਕ ਨਵੀਦ, ਸ਼ੋਇਬ ਜ਼ੈਦੀ, ਪ੍ਰਿੰਸਪਾਲ ਕੌਰ, ਹਰਕੀ ਵਿਰਕ, ਫਰਹਾ ਅਮਾਰ, ਨੇਤਰਪਾਲ ਸਿੰਘ, ਸਰਬਜੀਤ ਸੋਹੀ, ਸਾਈਅਦ ਫੈਜ਼ਲ, ਰੁਪਿੰਦਰ ਸੋਜ਼, ਫਰਹਾ ਅਮਾਰ, ਪੂਨਮ ਲਿਖੋਤਰਾ, ਹਰਮਨ ਸਿੰਘ ਖਿਲਚੀਆ, ਸੁਖਨੈਬ ਸਿੰਘ, ਰਿਪਜੀਤ ਬਰਾੜ, ਰੇਖਾ ਰਾਜਵੰਸ਼ੀ, ਅਸ਼ਰਫ ਸ਼ਾਦ ਆਦਿ ਨੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਪੰਜਾਬੀ ਸ਼ਾਇਰਾ ਗੁਰਮੀਤ ਕੌਰ ਸੰਧਾ ਨੂੰ ਉਹਨਾਂ ਦੇ ਲੋਕ-ਧਾਰਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਲਈ, ਅਦਬੀ ਕੌਂਸਲ ਆਫ਼ ਆਸਟਰੇਲੀਆ ਅਤੇ ਅਮਰੀਕਨ ਕਾਲਜ ਵੱਲੋਂ ਸਰਬਜੀਤ ਸੋਹੀ ਨੂੰ ਉਸਦੀ ਪਾਕਿਸਤਾਨ ਵਿੱਚ ਸ਼ਾਹਮੁੱਖੀ ‘ਚ ਪ੍ਰਕਾਸ਼ਿਤ ਹੋਈ ਕਿਤਾਬ ‘ਜਗਦੇ ਹਰਫ਼ਾਂ ਦਾ ਲੋਅ’ ਲਈ, ਹਿੰਦੀ ਦੀ ਸ਼ਾਇਰਾ ਰੇਖਾ ਰਾਜਵੰਸ਼ੀ ਤੇ ਪਾਕਿਸਤਾਨੀ ਪਿਛੋਕੜ ਵਾਲੇ ਲੇਖਕ ਜਨਾਬ ਅਸ਼ਰਫ ਸ਼ਾਦ ਨੂੰ ਜੀਵਨ ਭਰ ਦੇ ਸਾਹਿਤਕ ਕਾਰਜਾਂ ਲਈ ਸੰਸਥਾ ਵੱਲੋਂ ਸਨਮਾਨਿਆ ਗਿਆ। ਪ੍ਰਭਜੋਤ ਸਿੰਘ ਸੰਧੂ ਅਤੇ ਬਲਰਾਜ ਸੰਘਾ ਨੂੰ ਉਹਨਾਂ ਦੀਆਂ ਪੰਜਾਬੀ ਪੱਤਰਕਾਰੀ ਲਈ ਦਿੱਤੀਆਂ ਸੇਵਾਵਾਂ ਲਈ ਐਵਾਰਡ ਆਫ਼ ਆਨਰ ਭੇਂਟ ਕੀਤਾ ਗਿਆ। ਉਹਨਾਂ ਆਪਣੀ ਤਕਰੀਰਾਂ ‘ਚ ਇਪਸਾ ਦੇ ਕਾਰਜਾਂ ਅਤੇ ਸੇਵਾਵਾਂ ਦੀ ਪ੍ਰਸੰਸਾ ਕੀਤੀ ਅਤੇ ਇਸਨੂੰ ਮਾਂ-ਬੋਲੀ ਪੰਜਾਬੀ ਬਾਬਤ ਸਮੇਂ ਦੀ ਮੰਗ ਦੱਸਿਆ। ਕਵਿਤਾ ਖੁੱਲਰ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਬੈਠਕ ‘ਚ ਕਵੀ ਸਰਬਜੀਤ ਸੋਹੀ ਦੀ ਹਿੰਦੀ ਵਿੱਚ ਅਨੁਵਾਦਿਤ ਕਿਤਾਬ ‘ਵਿਸਰਜਨ ਸੇ ਪਹਿਲੇ’ ਨੂੰ ਲੋਕ ਅਰਪਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਗੁਰਦੀਪ ਜਗੇੜਾ ਵੱਲੋਂ ਨਿਭਾਇਆ ਗਿਆ।