ਰਜਨੀ ਵਾਲੀਆ
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਸੀ ਮੇਰੇ ਲਈ ਉਹ ਉਣਦੀ,
ਸਿਆਲ ਲਈ ਕੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਮੈਂ ਸਭ ਸਿੱਖਦੀ ਰਹੀ,
ਮਾਂ ਜੋ-ਜੋ ਕਹਿੰਦੀ ਰਹੀ |
ਉਸਨੇ ਕਿਹਾ ਉੱਠ ਤੇ ਉੱਠੀ,
ਬੈਠ ਕਿਹਾ ਤੇ ਬਹਿੰਦੀ ਰਹੀ |
ਮੈਂ ਪੜਦੀ ਸੀ ਬਹੁਤ,
ਕਦੇ ਖਾਧੀਆਂ ਨਈਂ ਸੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਮਾਂ ਮੇਰੀ ਨੇ ਲਾਡਾਂ-ਰੀਝਾਂ,
ਨਾਲ ਸੀ ਮੈਨੂੰ ਪਾਲਿਆ |
ਹੋਈ ਜਦ ਪਰਾਈ ਤਾਂ,
ਮੈਂ ਖੁਦ ਨੂੰ ਸੰਭਾਲਿਆ |
ਤੇ ਚਾਦਰਾਂ ਵੀ ਚਾਵਾਂ,
ਦੀਆਂ ਹੋ ਗਈਆਂ ਛੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਕਈ ਸਾਥ ਬਣਦੇ ਨੇਂ,
ਪਰ ਨਿਭਾਏ ਜਾਂਦੇ ਨਈਂ |
ਹੋਣ ਕੁਝ ਅਜਿਹੇ ਜੋ,
ਦਿਲ ਚ ਵਸਾਏ ਜਾਂਦੇ ਨਈਂ |
ਅੱਜ ਵੀ ਕਈਆਂ ਦਿਮਾਗਾਂ,
ਵਿੱਚ ਅਕਲਾਂ ਨੇਂ ਮੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਮਾਂ ਦੀ ਦਿੱਤੀ ਸਿਖਿਆ,
ਤੇ ਮਾਂ ਦੀ ਦਿੱਤੀ ਲੋਰੀ ਨੇਂ |
ਢਹਿਣ ਨਈਂ ਦਿੱਤਾ ਕਦੇ,
ਮੈਨੂੰ ਮੇਰੀ ਕਮਜੋ਼ਰੀ ਨੇਂ |
ਕਿਹਾ ਸੀ ਮਾਂ ਨੇਂ ਧੀਏ ਜਾ,
ਸਰ ਕਰ ਚੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਖਿੱਲਰਾਂ ਮੈਂ ਜਦੋਂ ਕੋਈ,
ਕਰਦਾ ਇਕੱਠਾ ਨਈਂ |
ਤੀਲਾ-ਤੀਲਾ ਹੋਈ ਰਵਾਂ,
ਬਣੀ ਕਦੇ ਗੱਠਾ ਨਈਂ |
ਬਸ ਮੇਰੀਆਂ ਨੇਂ ਮੇਰੇ,
ਇਕੱਲੇਪਨ ਨਾਲ ਜੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |
ਰਜਨੀ ਦੇ ਕੋਲ ਬੱਸ,
ਮਾਂ ਦੀ ਹੀ ਤਾਂ ਦਾਤ ਏ |
ਮਾਂ ਨਾਲੋਂ ਵੱਡੀ ਨਾ,
ਹੋਰ ਕੋਈ ਨਾ ਸੌਗਾਤ ਏ |
ਮਾਏਂ ਤੇਰੀਆਂ ਅਹਿਸਾਨਮੰਦ,
ਮੇਰੀਆਂ ਨੇਂ ਬੋਟੀਆਂ |
ਯਾਦ ਉਹਨੂੰ ਕੀਤਾ ਤੇ,
ਅੱਖ ਭਰ ਆਈ ਏ |
ਬੈਠ ਕਦੇ ਮਾਂ ਦੇ ਲਾਗੇ,
ਪਕਾਈਆਂ ਸੀ ਮੈਂ ਰੋਟੀਆਂ |