3.8 C
United Kingdom
Friday, March 6, 2026

More

    ਖੇਤੀ ਕਾਨੂੰਨਾਂ ਵਿਰੁੱਧ ਘਿਰਾਓ ਮੌਕੇ ਖੁਦਕੁਸ਼ੀ ਪੀੜਤਾਂ ਨੂੰ ਦਿੱਲੀ ਪੁੱਜਣ ਦਾ ਸੱਦਾ

    ਅਸ਼ੋਕ ਵਰਮਾ
    ਬਠਿੰਡਾ,14ਦਸੰਬਰ2020:ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਤੇ ਅਧਾਰਿਤ ਬਣੀ ਸਮਰਥਨ ਕਮੇਟੀ ਦੇ ਸਹਿਯੋਗ ਨਾਲ ਲੰਬੀ ’ਚ ਤਹਿਸੀਲ ਦਫਤਰ ਦੇ ਘਿਰਾਓ ਮੌਕੇ 16 ਦਸੰਬਰ ਨੂੰ ਖੁਦਕਸ਼ੀ ਪੀੜਤ ਪ੍ਰੀਵਾਰਾਂ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ । ਇਸ ਮੌਕੇ ਕਿਸਾਨ ਆਗੂ  ਤਰਸੇਮ ਸਿੰਘ ਮਿਠੜੀ ਬੁੱਧਗਿਰ, ਮਨੋਹਰ ਸਿੰਘ ਸਿੱਖਵਾਲਾ, ਨਿਸਾਨ ਸਿੰਘ ਕੱਖਾਂਵਾਲੀ, ਸੁਖਵੀਰ ਸਿੰਘ ਵੜਿੰਗ ਖੇੜਾ ਤੇ ਹਰਪਾਲ ਸਿੰਘ ਕਿੱਲਿਆਂਵਾਲੀ ਤੋਂ ਇਲਾਵਾ ਮਹਿਲਾ ਕਿਸਾਨ ਆਗੂ ਜਸਪਾਲ ਕੌਰ ਗੱਗੜ, ਮਹਿਲਾ  ਮਜਦੂਰ ਆਗੂ ਕਿਰਸ਼ਨਾ ਦੇਵੀ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬਿਜਲੀ ਮੁਲਾਜਮਾਂ ਦੇ ਆਗੂ ਸੱਤਪਾਲ ਬਾਦਲ, ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਦੇ ਆਗੂ ਡਾਕਟਰ ਮਹਿੰਦਰ ਸਿੰਘ ਖੁੱਡੀਆਂ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਿਲਾਵਰ ਸਿੰਘ ਤੇ ਸੁਖਦਰਸ਼ਨ ਸਿੰਘ , ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ ਤੇ ਵਿਪਨਜੀਤ ਸਿੰਘ ਖੁੱਡੀਆਂ ਤੇ ਡੀਟੀਐਫ ਦੇ ਕੁਲਦੀਪ ਸ਼ਰਮਾ ਤੇ ਐਡਵੋਕੇਟ ਗੁਰਮੇਲ ਸਿੰਘ  ਨੇ ਸੰਬੋਧਨ ਕੀਤਾ।
                           ਬੁਲਾਰਿਆਂ ਨੇ ਆਖਿਆ ਕਿ ਮੋਦੀ ਹਕੂਮਤ  ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਸੁਰੂ ਕੀਤਾ ਸੰਘਰਸ਼ ਪੂਰੇ ਮੁਲਕ ਦੇ ਕਿਸਾਨਾਂ ਸਮੇਤ ਖੇਤ ਮਜਦੂਰਾਂ, ਮੁਲਾਜਮਾਂ, ਦੁਕਾਨਦਾਰਾਂ ਤੇ ਸ਼ਹਿਰੀ ਲੋਕਾਂ ਅਤੇ ਸਮੂਹ ਕਿਰਤੀਆਂ ਦੇ ਹਰਮਨ ਪਿਆਰੇ ਅੰਦੋਲਨ ਚ ਤਬਦੀਲ ਹੋਣ ਵੱਲ ਵਧ ਰਿਹਾ ਹੈ ਜਿਸ ਨੂੰ ਵਿਦੇਸ਼ਾਂ ਚੋਂ ਵੀ ਭਰਵੀਂ ਹਮਾਇਤ ਮਿਲ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਕੋਈ ਚੁਣੀ ਹੋਈ ਸਰਕਾਰ ਨਹੀਂ ਸਗੋਂ ਪੂੰਜੀਪਤੀ ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਾਡੇ ਤੋਂ ਮੰਡੀਆਂ ਹੀ ਖੋਹ ਲਈਆਂ ਗਈਆਂ ਤਾਂ ਕਿਸਾਨ ਅਤੇ ਕਿਰਤੀ  ਕਿੱਥੇ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਅਮਰੀਕਾ, ਯਰੂਪ ਦਾ ਅਸਫਲ ਹੋ ਚੁੱਕਿਆ ਸਿਸਟਮ ਸਾਡੇ ’ਤੇ ਥੋਪਣਾ ਚਾਹੁੰਦੀ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ ।ਬੁਲਾਰਿਆਂ ਨੇ ਆਖਿਆ ਕਿ ਮੋਦੀ ਸਰਕਾਰ ਦਿਨੋ-ਦਿਨ ਵਿਸ਼ਾਲ ਤੇ ਮਜਬੂਤ ਹੋ ਰਹੇ ਇਸ ਸੰਘਰਸ਼ ਤੋਂ ਬੁਖਲਾ ਗਈ ਹੈ ਤੇ ਹੁਣ ਇਸ ਸਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਘਟੀਆ ਚਾਲਾਂ ਤੇ ਉੱਤਰ ਆਈ ਹੈ।
                       ਉਹਨਾਂ ਦੋਸ਼ ਲਾਇਆ ਕਿ ਭਾਜਪਾ ਹਕੂਮਤ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਆਪਣੇ ਜਰਖਰੀਦ ਮੀਡੀਏ ਰਾਹੀਂ ਇਸ ਘੋਲ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਦਾ , ਕਦੇ ਖਾਲਸਤਾਨੀਆਂ ਤੇ ਕਦੇ ਨਕਸਲੀਆਂ ਵੱਲੋਂ ਹਾਈਜੈਕ ਕਰਨ ਵਰਗੇ ਝੂਠੇ ਪ੍ਰਚਾਰ ਰਾਹੀਂ ਇਸ ਸੰਘਰਸ਼ ਤੇ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਉਹ  16 ਦਸੰਬਰ ਨੂੰ ਦਿੱਲੀ ਦੇ ਟਿੱਕਰੀ ਬਾਰਡਰ ਤੇ ਪਹੁੰਚ ਕੇ ਖੇਤੀ ਸੰਕਟ ਕਾਰਨ ਉਹਨਾਂ ਦੀ ਜਿੰਦਗੀ ਚ ਸਰਕਾਰੀ ਨੀਤੀਆਂ ਵੱਲੋਂ ਮਚਾਈ ਹਨੇਰਗਰਦੀ ਦਾ ਦਰਦ ਸੰਸਾਰ ਦੇ ਸਾਹਮਣੇ ਬਿਆਨ ਕਰਨ। ਇਸ ਧਰਨੇ ਦੀ ਸਮਾਪਤੀ ਤੇ  ਲੰਬੀ ਕਸਬੇ ਦੀਆਂ ਸੜਕਾਂ ਤੇ ਰੋਸ ਮੁਜਾਹਰਾ ਕੀਤਾ  ਗਿਆ।  ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਮਿਠੜੀ ਬੁੱਧਗਿਰ ਅਤੇ  ਬਲਜਿੰਦਰ ਸਿੰਘ ਘੁਮਿਆਰਾ ਆਦਿ ਨੇ ਵੀ ਸੰਬੋਧਨ ਕੀਤਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!