ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਦਿੱਲੀ ਧਰਨੇ ‘ਤੇ ਡਟੇ ਹੋਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਰਾਜਨੀਤੀਕ ਪਿੰਡ ਖੋਟੇ ਤੋਂ ਕਿਸਾਨ ਮੇਵਾ ਸਿੰਘ ਦੇ ਦੇਹਾਂਤ ਦੀ ਦੁੱਖਦਾਈ ਖ਼ਬਰ ਮਿਲਣ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ ਜਿਉਂ ਹੀ ਸੋਸ਼ਲ ਮੀਡੀਆ ‘ਤੇ ਫੈਲੀ ਤਾਂ ਮ੍ਰਿਤਕ ਦੇ ਪਿੰਡ ਖੋਟੇ ਵਿਖੇ ਲੋਕਾਂ ਤੇ ਕਿਸਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਨਿਹਾਲ ਸਿੰਘ ਵਾਲਾ ਵਿਖੇ ਲੱਗੇ ਧਰਨੇ ਵਿੱਚ ਕਿਸਾਨ ਮੇਵਾ ਸਿੰਘ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ, ਧਰਨੇ ਦੌਰਾਨ ਕਿਸਾਨ ਆਗੂਆਂ ਨੇ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮੇਵਾ ਸਿੰਘ ਨੂੰ ਕਿਸਾਨੀ ਸੰਘਰਸ਼ ‘ਚ ਜਿੰਦਗੀ ਲੇਖੇ ਲਾਉਣ ‘ਤੇ ਕਿਸਾਨਾਂ ਯੋਧਾ ਕਰਾਰ ਦਿੱਤਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਕਿਸਾਨ ਮੇਵਾ ਸਿੰਘ ਦੀ ਲਾਸ਼ ਨੂੰ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਬਹਾਦਰਗ੍ਹੜ ਬਾਰਡਰ ‘ਤੇ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਧਰਨੇ ਵਿੱਚ ਸ਼ਾਮਿਲ ਜਸਵਿੰਦਰ ਸਿੰਘ ਗੋਰਾ ਸਰਪੰਚ ਜਵਾਹਰ ਸਿੰਘ ਵਾਲਾ, ਸ਼ੀਰਾ ਲੋਹਾਰ, ਜਿੰਦਰ ਧੂੜਕੋਟ, ਕੁਲਦੀਪ ਜਵਾਹਰ ਸਿੰਘ ਵਾਲਾ, ਸਮਸ਼ੇਰ ਸਿੰਘ ,ਜੋਤੀ ਜਵਾਹਰ ਸਿੰਘ ਵਾਲਾ.. ਰਣਯੋਧ ਸਿੰਘ ਜੋਤੀ ਤੇ ਬਿੱਟੂ ਸੈਦੋ ਵੱਲੋਂ ਮੇਵਾ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪ੍ਰੈਸ ਨੂੰ ਇਹ ਜਾਣਕਾਰੀ ਦਿੱਲੀ ਧਰਨੇ ਤੇ ਗਏ ਸੀਰਾ ਲੋਹਾਰ ਧੂੜਕੋਟ ਵੱਲੋਂ ਦਿੱਤੀ ਗਈ।