ਅਸ਼ੋਕ ਵਰਮਾ
ਬਠਿੰਡਾ,4 ਦਸੰਬਰ2020: ਬਠਿੰਡਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸਿੰਘ ਸੰਧੂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਅੱਜ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅਕਾਲੀ ਆਗੂਆਂ ,ਵਰਕਰਾਂ ਅਤੇ ਪ੍ਰੀਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਕੱਢਿਆ। ਸੁਖਨਪ੍ਰੀਤ ਸੰਧੂ ਨੂੰ ਲਾਈਨੋਪਾਰ ਇਲਾਕੇ ’ਚ ਲੰਘੀ 5 ਸਤੰਬੁਰ ਰਾਤ ਨੂੰ ਗੋਲੀ ਮਾਰ ਦਿੱਤੀ ਸੀ। ਭਾਵੇਂ ਪੁਲਿਸ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਪ੍ਰੀਵਾਰ ਨੇ ਕਈ ਨੁਕਤੇ ਉਠਾਏ ਹਨ ਜਿਹਨਾਂ ਦੀ ਛਾਣਬੀਣ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਪ੍ਰੀਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਕਿਸੇ ਕਥਿਤ ਦਬਾਅ ਹੇਠ ਪੜਤਾਲ ਨੂੰ ਸਹੀ ਢੰਗ ਨਾਲ ਅੱਗੇ ਨਹੀਂ ਵਧਾਇਆ ਹੈ। ਸੁਖਨਪ੍ਰੀਤ ਦੀ ਭੈਣ ਅਮਨ ਸੰਧੂ ਦਾ ਕਹਿਣਾ ਸੀ ਕਿ ਪੁਲਿਸ ਨੇ ਪੜਤਾਲ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁੱਟੇਜ਼ ’ਚ ਦੋ ਹੋਰ ਵਿਅਕਤੀ ਦਿਖਾਈ ਦਿੱਤੇ ਸਨ ਜਿਹਨਾਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਆਖਿਆ ਕਿ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਕਤਲ ਦੀ ਵਜਾਹ ਨੂੰ ਸਾਹਮਣੇ ਲਿਆਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ। ਓਧਰ ਸਰੂਪ ਚੰਦ ਸਿੰਗਲਾ ਨੇ ਅਧਿਕਾਰੀਆਂ ਤੋ ਨੌਜਵਾਨ ਅਕਾਲੀ ਆਗੂ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਸਹੀ ਕਾਤਲਾਂ ਨੂੰ ਗਿ੍ਰਫਤਾਰ ਕਰਕੇ ਬਣਦੀ ਸ਼ਜਾ ਦਿਵਾਉਣ ਲਈ ਵੀ ਆਖਿਆ ਹੈ। ਉਹਨਾਂ ਦੱਸਿਆ ਕਿ ਸੁਖਨਪ੍ਰੀਤ ਸਿੰਘ ਸੰਧੂ ਯੂਥ ਅਕਾਲੀ ਦਲ ਦਾ ਅਹੁਦੇਦਾਰ ਅਤੇ ਸਰਗਰਮ ਵਰਕਰ ਸੀ ਜਿਸ ਦੇ ਕਤਲ ਨੂੰ ਲੈਕੇ ਪੁਲਿਸ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਦੋਸ਼ੀਆਂ ਨੇ ਹੁਣ ਤੱਕ ਕਾਨੂੰਨ ਦੇ ਸ਼ਿਕੰਜੇ ’ਚ ਹੋਣਾ ਸੀ। ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰਾਂ ਵਿਗੜ ਗਈ ਹੈ ਅਤੇ ਅਕਾਲੀ ਦਲ ਦੇ ਆਗੂਆਂ ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਅਕਾਲੀ ਆਗੂ ਮੋਹਨਜੀਤ ਪੁਰੀ,ਵਿੱਕੀ ਨਰੂਲਾ, ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ ਅਤੇ ਵੱਡੀ ਗਿਣਤੀ ਅਕਾਲੀ ਆਗੂ ਹਾਜਰ ਸਨ।