14.1 C
United Kingdom
Sunday, April 20, 2025

More

    ਆਸਟ੍ਰੇਲੀਅਨ ਰੈਡ ਕਰਾਸ ਨੇ ਅਸਥਾਈ ਵੀਜ਼ਾ ਧਾਰਕਾਂ ਦੀ ਫੜ੍ਹੀ ਬਾਂਹ

    ਸਰਕਾਰ ਤੋਂ ਐਮਰਜੈਂਸੀ ਰਾਹਤ ਫੰਡ ਦੀ ਉਡੀਕ
    (ਹਰਜੀਤ ਲਸਾੜਾ, ਬ੍ਰਿਸਬੇਨ 16 ਅਪ੍ਰੈਲ) ਆਸਟ੍ਰੇਲੀਆ ‘ਚ ਕਰੋਨਾ ਮਹਾਮਾਰੀ (ਕੋਵਿਡ-19) ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਅਸਥਾਈ ਵੀਜ਼ਾ ਧਾਰਕਾਂ ਲਈ ਰੈਡ ਕਰਾਸ ਆਸਟਰੇਲੀਆ, ਸਰਕਾਰ ਤੋਂ ਅਗਲੇ ਛੇ ਮਹੀਨਿਆਂ ਲਈ ਫੰਡ ਪ੍ਰਾਪਤ ਕਰ ਰਿਹਾ ਹੈ ਤਾਂ ਜੋ ਐਮਰਜੈਂਸੀ ਰਾਹਤ ਅਤੇ ਅਸਥਾਈ ਵੀਜ਼ੇ ‘ਤੇ ਆਉਣ ਵਾਲੇ ਲੋਕਾਂ ਦੀ ਆਰਜ਼ੀ ਸਹਾਇਤਾ ਹੋ ਸਕੇ। ਫ਼ਿਲਹਾਲ ਰੈੱਡ ਕਰਾਸ ਨੂੰ ਅਜੇ ਤੱਕ ਇਹ ਫੰਡ ਪ੍ਰਾਪਤ ਨਹੀਂ ਹੋਏ ਹਨ। ਪਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿੱਤੀ ਫੰਡਾਂ ਦੀ ਪੂਰਤੀ ਛੇਤੀਂ ਹੋਣੀ ਸੰਭਵ ਹੈ।
    ਇਹ ਸਹਾਇਤਾ ਕਿਸ ਲਈ ਹੈ?
    ਰੈਡ ਕਰਾਸ ਦਾ ਕਹਿਣਾ ਹੈ ਕਿ ਇਹ ਸੀਮਤ ਵਿੱਤੀ ਸਹਾਇਤਾ, ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵਾਲੇ ਲੋਕਾਂ ਦੀ ਸਹਾਇਤਾ ਲਈ ਸੰਕਟਕਾਲੀਨ ਰਾਹਤ ਅਦਾਇਗੀ ਹੈ ਨਾ ਕਿ ਆਮਦਨੀ ਸਹਾਇਤਾ।
    ਇਸ ਸਹਾਇਤਾ ਦੇ ਕੌਣ ਯੋਗ ਹੈ?
    ਇਹ ਫੰਡ ਅਸਥਾਈ ਵੀਜ਼ੇ ‘ਤੇ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਕੋਲ ਆਪਣਾ ਵਿੱਤੀ ਬਚਾਅ ਕਰਨ ਦਾ ਕੋਈ ਰਸਤਾ ਨਹੀਂ ਬਚਿਆ ਹੈ ਅਤੇ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ। ਕਿਉਂਕਿ, ਰੈਡ ਕਰਾਸ ਆਸਟ੍ਰੇਲੀਆ ਦਾ ਮੰਨਣਾ ਹੈ ਕਿ ਇਸ ਆਰਥਿਕ ਮੰਦਵਾੜੇ ‘ਚ ਬਹੁਤ ਸਾਰੇ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    ਇਹਨਾਂ ਸੇਵਾਵਾਂ ‘ਚ ਹੋਰ ਕੀ ਕੁੱਝ ਸ਼ਾਮਿਲ ਹੋਵੇਗਾ?

    1. ਉਹ ਲੋਕ ਜੋ ਭੋਜਨ ਅਤੇ ਦਵਾਈਆਂ ਵਰਗੀਆਂ ਮੁੱਢਲੀਆਂ ਲੋੜਾਂ ਦੇ ਹੱਕਦਾਰ ਹਨ।
    2. ਛੋਟੇ ਬੱਚਿਆਂ ਵਾਲੇ ਪਰਿਵਾਰ, ਅਪਾਹਜਤਾ ਵਾਲੇ ਲੋਕ, ਉਹ ਲੋਕ ਜੋ ਕੋਵਿਡ-19 ਦੇ ਸ਼ਿਕਾਰ ਹਨ, ਸਰੀਰਕ ਜਾਂ ਮਾਨਸਿਕ ਸਿਹਤ ਦੇ ਮਸਲਿਆਂ ਵਾਲੇ ਲੋਕ, ਲੋਕ ਜੋ ਸੈਂਟਰਲਿੰਕ, ਮੈਡੀਕੇਅਰ ਜਾਂ ਹੋਰ ਸੇਵਾਵਾਂ ਤੱਕ ਨਹੀਂ ਪਹੁੰਚ ਸਕਦੇ ਅਤੇ ਉਹ ਲੋਕ ਜੋ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।
    3. ਜੇ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਹੋ ਤਾਂ ਤੁਹਾਨੂੰ ਆਪਣੇ ਵਿੱਦਿਅਕ ਅਦਾਰੇ ਨਾਲ ਸੰਪਰਕ ਕਰਨ ਲਈ ਤਾਕੀਦ ਕੀਤੀ ਗਈ ਹੈ ਤਾਂ ਜੋ ਅਦਾਰਾ ਪਤਾ ਲਗਾ ਸਕੇ ਕਿ ਪਾੜ੍ਹਾ ਕਿਹੜੀ ਸਹਾਇਤਾ ਦੇ ਯੋਗ ਹੈ।
    4. ਜੇ ਤੁਸੀਂ ਸੈਲਾਨੀ ਹੋ, ਕੰਮ ਕਰਨ ਵਾਲੇ ਛੁੱਟੀ ਵਾਲੇ ਵੀਜ਼ਾ ‘ਤੇ ਜਾਂ ਕੋਈ ਤੁਹਾਡਾ ਦੇਸ਼ ਵਾਪਸ ਜਾਣਾ ਚਾਹੁੰਦਾ ਹੈ, ਤਾਂ ਕਿਰਪਾ ਕਰਕੇ ਆਪਣੇ ਲਾਗੇ ਦੇ ਦੂਤਘਰ/ਕੌਂਸਲੇਟ ਨੂੰ ਸੰਭਾਵੀ ਸਹਾਇਤਾ ਲਈ ਸੰਪਰਕ ਕਰੋ।
    5. ਜੇ ਤੁਸੀਂ ਆਪਣੇ ਵਿੱਤ ਦੀ ਪੂਰਤੀ ਆਪਣੇ ਸੰਭਾਵੀ ਰਾਖਵੇਂ ਫੰਡਾਂ ਤੋਂ ਕਰ ਸਕਦੇ ਹੋ ਤਾਂ ਇਹ ਸਾਰਾ ਕਾਰਜ਼ ਘਰ ਬੈਠਿਆਂ ਹੀ ਕਰੋ। ਤੁਹਾਨੂੰ ਰੈਡ ਕਰਾਸ ਨੂੰ ਕਾਲ ਜਾਂ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ। ਵਿਭਾਗ ਨੂੰ ਸਿਰਫ਼ ਈਮੇਲ ਕਰੋ ਅਤੇ ਵਿਭਾਗ ਤੁਹਾਨੂੰ ਤੁਹਾਡੀ ਯੋਗਤਾ ਦੇ ਅਨੁਸਾਰ ਦੱਸੇਗਾ ਕਿ ਫੰਡਾਂ ਦੀ ਕਿਵੇਂ ਵੰਡ ਹੋਣੀ ਹੈ? ਇਸ ਸਾਰੀ ਪ੍ਰਕ੍ਰਿਆ ‘ਚ ਵਿਭਾਗ ਨੂੰ ਕੋਈ ਦਸਤਾਵੇਜ਼ ਵੀ ਭੇਜਣ ਦੀ ਜ਼ਰੂਰਤ ਨਹੀਂ ਹੈ। ਸਿਰਫ਼ ਸੰਬੰਧਿਤ ਵੈਬਸਾਈਟ ‘ਤੇ ਉਪਲਬਧ ਅਰਜ਼ੀ ਫਾਰਮ ਨੂੰ ਹੀ ਭਰਨਾ ਹੀ ਪ੍ਰਾਥਮਿਕਤਾ ਹੋਵੇਗੀ।
    6. ਜੇ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਖ਼ਤਰਾ ਹੈ, ਕਿਰਪਾ ਕਰਕੇ 000 ਤੇ ਕਾਲ ਕਰੋ। ਜਾਂ ਸੋਸ਼ਲ ਸਰਵਿਸਿਜ਼ ਵਿਭਾਗ ਦੀ ਭਾਲ ਕਰੋ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!