ਗੋਰਾਇਆ (ਮੁਨੀਸ਼)
ਇਥੇ ਹਾਈਵੇਅ ‘ਤੇ ਇਕ ਪੁਲਸ ਹੈੱਡ ਕਾਂਸਟੇਬਲ ਦੀ ਡਿਊਟੀ ‘ਤੇ ਆਉਂਦੇ ਹੋਏ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਜ ਸਬ ਇੰਸਪੈਕਟਰ ਗੁਰਾਇਆ ਨੇ ਦੱਸਿਆ ਕਿ ਬਲਵਿੰਦਰ ਸਿੰਘ (55 ਸਾਲ) ਪੁੱਤਰ ਸਿਮਰੂ ਰਾਮ ਵਾਸੀ ਖਾਨਪੁਰ ਨੇੜੇ ਮਾਹਿਲਪੁਰ (ਹੁਸ਼ਿਆਰਪੁਰ) ਆਈ. ਆਰ. ਬੀ. ਦਾ ਮੁਲਾਜ਼ਮ ਹੈ।

ਅੱਜ ਸਵੇਰੇ ਪੁਲਸ ਮੁਲਾਜ਼ਮ ਮਾਹਿਲਪੁਰ ਤੋਂ ਗੋਰਾਇਆ ਥਾਣੇ ਵਿਖੇ ਆਪਣੇ ਮੋਟਰਸਾਈਕਲ ਸਪਲੈਂਡਰ ਪੀ. ਬੀ.07 ਬੀ.ਈ. 6066 ‘ਤੇ ਕਰਫਿਊ ਡਿਊਟੀ ‘ਤੇ ਆ ਰਿਹਾ ਸੀ। ਡਿਊਟੀ ‘ਤੇ ਆਉਂਦੇ ਸਮੇਂ ਜਦੋਂ ਉਹ ਹਾਈਵੇਅ ‘ਤੇ ਗੋਰਾਇਆ ਟਰੱਕ ਯੂਨੀਅਨ ਕੋਲ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਪੁੱਜਾ ਤਾਂ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਸ ਦਾ ਡੰਡਾ ਫਸਣ ਕਾਰਨ ਪੁਲਸ ਮੁਲਾਜ਼ਮ ਹੇਠਾਂ ਡਿੱਗ ਗਿਆ, ਜਿਸ ਦੇ ਕਾਰਨ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਿਲੌਰ ਭੇਜ ਦਿੱਤਾ ਹੈ।