18.3 C
United Kingdom
Friday, June 26, 2026

More

    ਖੱਟਰ ਹਕੂਮਤ ਨੂੰ ਮੋਦੀ ਸਰਕਾਰ ਦੀ ਖੰਘ ਵਿੱਚ ਨਾਂ ਖੰਘਣ ਦੀ ਨਸੀਹਤ

    ਹਰਿਆਣਾ ’ਚ ਰੋਕਾਂ ਖਿਲਾਫ ਅਰਥੀ ਫੂਕ ਮੁਜਾਹਰਾ
    ਅਸ਼ੋਕ ਵਰਮਾ
    ਬਰਨਾਲਾ, 25 ਨਵੰਬਰ 2020:ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ , ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੇ 56 ਵੇਂ ਦਿਨ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ  ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਮਰਦ ਔਰਤਾਂ ਨੇ ਹਰਿਆਣਾ ’ਚ ਲਾਈਆਂ ਰੋਕਾਂ ਨੂੰ ਲੈਕੇ ਖੱਟੜ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ। ਮੋਦੀ ਸਰਕਾਰ ਖਿਲਾਫ ਰੋਹ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ਕਾਰੀ ਲੋਕਾਂ ਨੇ ਹਰਿਆਣਾ ਦੀ ਹਕੂਮਤ ਤੋਂ ਰੋਕਾਂ ਹਟਾਉਣ ਦੀ ਮੰਗ ਅਤੇ ਖੱਟੜ ਸਰਕਾਰ ਨੂੰ ਮੋਦੀ ਸਰਕਾਰ ਦੀ ਖੰਘ ’ਚ ਨਾਂ ਖੰਘਣ ਦੀ ਨਸੀਹਤ ਦਿੱਤੀ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਗੁਰਚਰਨ ਸਿੰਘ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਸਹਿਜੜਾ, ਅਮਰਜੀਤ ਕੌਰ, ਮਾ.ਨਿਰੰਜਣ ਸਿੰਘ ਅਤੇ ਉਜਾਗਰ ਸਿੰਘ ਬੀਹਲਾ  ਆਦਿ ਨੇ ਕਿਹਾ ਕਿ ਮੋਦੀ ਹਕੂਮਤ ਦੀ ਖੰਘ ’ਚ ਖੰਘਦਿਆਂ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਰਾਤ ਭਰ ਹਰਿਆਣਾ ਦੇ ਕਿਸਾਨ ਆਗੂਆਂ ਨੂੰ ਛਾਪੇ ਮਾਰੀ ਕਰਕੇ ਵੱਡੀ ਗਿਣਤੀ ਵਿੱਚ ਗਿ੍ਰਫਤਾਰੀਆਂ ਖਿਲ਼ਾਫ ਕਿਸਾਨਾਂ ਦਾ ਰੋਹ ਸੜਕਾਂ ਤੇ ਦਿਖਾਈ ਦਿੱਤਾ ਹੈ ਜਿਸ ਦੇ ਅਗਲੇ ਦਿਨੀ ਹੋਰ ਵੀ ਪ੍ਰਚੰਡ ਹੋਣ ਦੇ ਆਸਾਰ ਹਨ।  ਉਹਨਾਂ ਕਿਹਾ ਕਿ ਇਤਹਿਾਸ ਗਵਾਹ ਹੈ ਕਿ ਹਕੂਮਤਾਂ ਦੇ ਜਾਬਰ ਕਦਮ ਕਦੇ ਵੀ ਸੰਘਰਸ਼ਸ਼ੀਲ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀ ਸਕੇ  ਅਤੇ ਨਾਂ ਹੀ ਖੱਟਰ ਸਰਕਾਰ ਵੱਲੋਂ ਸ਼ੁਰੂ ਕੀਤਾ ਜਬਰ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਨਹੀਂ ਰੋਕ ਸਕੇਗਾ। ਆਗੂਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਤੇ ਜਬਰ ਢਾਹੁਣਾ ਬੰਦ ਕਰੇ ਕਿਉਂਕਿ ਮੁਲਕ ਦੇ ਕਿਸਾਨਾਂ ਦੀ ਲੜਾਈ ਦਿੱਲੀ ਦੇ ਤਖਤ ਨਾਲ ਅਤੇ ਕਿਸਾਨੀ ਲਈ ਜਿੰਦਗੀ ਮੌਤ ਦੀ ਲੜਾਈ ਹੈ। ਆਗੂਆਂ ਕਿਸਾਨ ਕਾਫਲਿਆਂ ਨੂੰ ਸੁਚੇਤ ਕੀਤਾ ਕਿ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਰਕਾਰ ਕਿਸੇ ਵੀ ਕਿਸਮ ਦੀ ਕੋਈ ਸਾਜਿਸ਼ ਰਚ ਸਕਦੀ ਹੈ। ਅਫਵਾਹਾਂ ਫੈਲਾਈਆਂ ਜਾ ਸਕਦੀਆਂ ਹਨ ਅਤੇ ਹਰਿਆਣਾ ਦੀ ਤਰਜ ਤੇ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇ ਮਾਰਕੇ ਗਿ੍ਰਫਤਾਰ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕੁਰਬਾਨੀ ਦਾ ਜਜਬਾ ਲੈਕੇ ਤੁਰੇ ਕਾਫਲਿਆਂ ਨੂੰ ਹਕੂਮਤ ਦੇ ਕਿਸੇ ਵੀ ਜਬਰ ਤੋਂ ਨਾਂ ਘਬਰਾਉਂਦਿਆਂ ਸੰਘਰਸ਼ ਨੂੰ ਸਫਲ ਬਨਾਉਣ ਲਈ ਤਿਆਰੀਆਂ ’ਚ ਜੋਰ ਸ਼ੋਰ ਨਾਲ ਜੁਟੇ ਰਹਿਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ ਅੱਜ ਦੀ ਰਾਤ ਘਰ ਬੈਠਣ ਦਾ ਸਮਾਂ ਨਹੀਂ ਬਲਕਿ  ਖਰਾਬ ਮੌਸਮ ਦੇ ਬਾਵਜੂਦ ਵੀ ਹਰ ਘਰ ਦੇ ਕਿਸਾਨ ਅਤੇ ਔਰਤਾਂ ਨੂੰ ਦਿੱਲੀ ਵੱਲ ਕੂਚ ਕਰਨ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ। ਓਧਰ ਅੱਜ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ’ਚ ਵੀ ਕਿਸਾਨਾਂ ਨੇ ਜੋਰਦਾਰ ਨਾਅਰੇਬਾਜੀ ਦੌਰਾਨ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਸਿਆਸੀ ਖੁਮਾਰੀ ਭੰਨਣ ਦਾ ਐਲਾਨ ਕੀਤਾ। ਇਹਨਾਂ ਥਾਵਾਂ ਤੇ ਚੱਲ ਰਹੇ ਧਰਨਿਆਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲ ਖੁਰਦ, ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚਹਿਲ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਸ਼ਿੰਦਰਪਾਲ ਕੌਰ, ਮੁਖਤਿਆਰ ਸਿੰਘ  ਅਤੇ ਸ਼ਿੰਗਾਰਾ ਸਿੰਘ,  ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ  ਕਿ ਜਥੇਬੰਦੀਆਂ ਦੀਆਂ ਆਗੂ ਟੀਮਾਂ ਨੇ 26-27 ਨਵੰਬਰ ਦੇ ਦਿੱਲੀ ਮਾਰਚ ਦੀ ਸਫਲਤਾ ਲਈ ਫੰਡ , ਰਾਸ਼ਨ ਮੁਹਿੰਮ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।  ਉਹਨਾਂ ਦੱਸਿਆ ਕਿ ਖਰਾਬ ਮੌਸਮ ਵੀ ਕਿਸਾਨਾਂ ਦੇ ਰਾਹ ਨਹੀਂ ਰੋਕ ਸਕਿਆ ਹੈ ਅਤੇ ਲਗਾਤਰ ਮੋਦੀ ਸਰਕਾਰ ਗਰਜਨਾ ਇਸ ਗੱਲ ਦਾ ਸਬੂਤ ਹੈ ਕਿ ਸੰਘਰਸ਼ ਦੇ ਦੋ ਮਹੀਨੇ ਬਾਅਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਜਜਬਾ ਬਰਕਰਾਰ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!