7.5 C
United Kingdom
Sunday, March 8, 2026

More

    ਰਮਨਦੀਪ ਸਿੰਘ ਨੇ ਪੰਜਾਬੀਆਂ ਦੀ ਵਧਾਈ ਸ਼ਾਨ-‘ਏਕੁਇਟੀ ਮੈਗਜ਼ੀਨ’ ਨੇ ਐਲਾਨਿਆ ‘ਫਿਊਚਰ ਲੀਡਰ’

    ਲੱਭਦੀ ਹੈ ਦੁਨੀਆ: ਸਪਰਿਟ ਆਫ ਸਰਵਿਸ ਮਤਲਬ
    ਔਕਲੈਂਡ 24 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)
    -ਇਕ ਅੰਤਰਰਾਸ਼ਟਰੀ ਵਿਦਿਆਰਥੀ ਲਈ ਵਿਦੇਸ਼ ਆ ਕੇ ਸਿਰਫ ਪੜ੍ਹਾਈ ਕਰਨਾ, ਮਿਹਨਤ ਨਾਲ ਜ਼ਿੰਦਗੀ ਦੇ ਸੁਪਨੇ ਪੂਰਨਾ, ਪਿੱਛੇ ਰਹਿ ਗਏ ਪਰਿਵਾਰ ਦਾ ਨਾਲ ਸਾਂਝਾ ਨੂੰ ਪੀਡਾ ਕਰਨਾ ਹੀ ਨਹੀਂ ਹੁੰਦਾ ਸਗੋਂ  ਵੱਡੀ ਗੱਲ ਇਹ ਹੁੰਦੀ ਹੈ ਆਪ ਸੈਟਲ ਹੋਣ ਦੇ ਨਾਲ-ਨਾਲ ਆਪਣੇ ਭਾਈਚਾਰੇ ਦੀ ਸਾਰ ਲੈਣ ਦਾ ਜਜ਼ਬਾ ਵੀ ਪਨਪ ਜਾਏ। ਬਹੁਤ ਸਾਰੇ ਲੋਕ ਆਪਣੇ ਸੁਪਨੇ ਪੂਰੇ ਕਰਕੇ ਆਪਣੀ ਜ਼ਿੰਦਗੀ ਤਾਂ ਪਟੜੀ ‘ਤੇ ਲੈ ਆਉਂਦੇ ਹਨ ਪਰ ਪਟੜੀ ‘ਤੇ ਚੜ੍ਹਨ ਵਾਲਿਆਂ ਦੀ ਕੋਸ਼ਿਸ਼ ਵਿਚ ਲੱਗਿਆਂ ਦੀ ਬਾਂਹ ਫੜਨ ਦੀ ਹਿੰਮਤ ਨਹੀਂ ਕਰਦੇ। ਪਰ ਨਿਊਜ਼ੀਲੈਂਡ ਵਸਦਾ ਲੁਧਿਆਣਾ ਸ਼ਹਿਰ ਦਾ ਇਕ ਨੌਜਵਾਨ ਸ. ਰਮਨਦੀਪ ਸਿੰਘ (33) ਇਕ ਅਜਿਹਾ ਪੜ੍ਹਿਆ-ਲਿਖਿਆ ਚਾਰਟਡ ਅਕਾਊਟੈਂਟ ਹੈ ਜਿਸ ਨੇ ਪੰਜਾਬੀਆਂ ਦਾ ਉਸ ਵੇਲੇ ਨਾਂਅ ਹੋਰ ਰੌਸ਼ਨ ਕਰ ਦਿੱਤਾ ਜਦੋਂ ਬੀਤੇ ਦਿਨੀਂ ਉਸਨੂੰ ਆਸਟਰੇਲੀਆ ਦੇ ਇਕ ਪ੍ਰਸਿੱਧ ਮੈਗਜ਼ੀਨ ‘ਏਕੁਇਟੀ ਮੈਗਜ਼ੀਨ’ ਨੇ ਵੱਡੀ ਘੋਖ ਦੇ ਬਾਅਦ ‘ਫਿਊਚਰ ਲੀਡਰ’ ਐਲਾਨਿਆ। ਇਹ ਮੈਗਜ਼ੀਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਚਾਰਟਡ ਅਕਾਊਟੈਂਟਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਅਜਿਹਾ ਫੈਸਲਾ ਲੈਂਦਾ ਹੈ। ਇਹ ਮੈਗਜ਼ੀਨ ਹਰ ਸਾਲ 20 ਦੇ ਕਰੀਬ ‘ਫਿਊਚਰ ਲੀਡਰ’ ਚੁਣਦਾ ਹੈ ਅਤੇ ਨਿਊਜ਼ੀਲੈਂਡ ਦੇ ਵਿਚੋਂ ਸ਼ਾਇਦ ਇਹ ਪਹਿਲਾ ਭਾਰਤੀ ਚਾਰਟਡ ਅਕਾਊਟੈਂਟ ਹੈ ਜਿਸ ਨੂੰ ਇਸ ਵਕਾਰੀ ਮੈਗਜ਼ੀਨ ਨੇ ‘ਫਿਊਚਰ ਲੀਡਰ’ ਐਲਾਨਿਆ ਹੈ। ਮੈਗਜ਼ੀਨ ਦੇ ਮੁੱਖ ਪੰਨੇ ਉਤੇ ਇਸਦੀ ਫੋਟੋ ਨਿਊਜ਼ੀਲੈਂਡ ਸੰਸਦ ਦੇ ਬਾਹਰ ਖੜੇ ਦੀ ਛਾਪੀ ਗਈ ਹੈ।  ਨਿਊਜ਼ੀਲੈਂਡ ਦਾ ‘ਪਬਲਕਿ ਸਰਵਿਸ ਕਮਿਸ਼ਨ-ਟੀ ਕਾਵਾ ਮਾਟਾਹੋ’ ਨੇ ਵੀ ਆਪਣੇ ਫੇਸ ਬੁੱਕ ਪੇਜ ਉਤੇ ਇਹ ਪੋਸਟ ਪਾ ਕੇ ਮਾਣ ਮਹਿਸੂਸ ਕੀਤਾ ਹੈ।
    ਰਮਨਦੀਪ ਸਿੰਘ ਸੰਨ 2009 ਦੇ ਵਿਚ ਲੁਧਿਆਣਾ ਸ਼ਹਿਰ ਤੋਂ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਵਿਖੇ ਬੀ. ਸੀ.ਏ ਦੀ ਪੜ੍ਹਾਈ ਕਰਨ ਆਇਆ ਸੀ, ਇਸ ਤੋਂ ਬਾਅਦ ਉਸਨੇ ‘ਨਿਊਜ਼ੀਲੈਂਡ ਸਿੰਫਨੀ ਆਰਕੈਸਟਰਾ’ (ਸੁਰਾਂ ਨਾਲ ਮਿਲਾਉਣ ਵਾਲੇ) ਦੇ ਸਹਿਯੋਗ ਨਾਲ ਇਸ ਨੌਜਵਾਨ ਨੇ ਉਚ ਸਤਰ ਦੀ ਪੜ੍ਹਾਈ 4 ਸਾਲਾਂ ਦੇ ਵਿਚ ਪੂਰੀ ਕਰਦਿਆਂ ‘ਚਾਰਟਡ ਅਕਾਊਟੈਂਟ’ ਦੀ ਡਿਗਰੀ ਕਰ ਮਾਰੀ। ਬਾਕੀ ਮੁੰਡਿਆ ਵਾਂਗ ਇਸ ਨੇ ਵੀ ਬਹੁਤ ਕੁਝ ਜੀਵਨ ਸੰਘਰਸ਼ ਦਾ ਵੇਖਿਆ ਪਰ ਮਿਹਨਤ ਦੇ ਮੂਹਰੇ ਸਭ ਤੋਂ ਛੋਟਾ ਹੁੰਦਾ ਚਲਾ ਗਿਆ। ਇਸ ਵੇਲੇ ਇਹ ਨੌਜਵਾਨ ਨਿਊਜ਼ੀਲੈਂਡ ਪਬਲਿਕ ਸਰਵਸਿ ਕਮਿਸ਼ਨ ਦੇ ਵਿਚ ਮੈਨੇਜਮੈਂਟ ਅਕਾਊਟੈਂਟ ਵਜੋਂ ਦਸੰਬਰ 2018 ਤੋਂ ਕੰਮ ਕਰ ਰਿਹਾ ਹੈ। ਪਿਤਾ ਸ. ਕੁਲਦੀਪ ਸਿੰਘ ਤੇ ਮਾਤਾ ਇਕਬਾਲ ਕੌਰ ਦਾ ਹੋਣਬਾਰ ਬੇਟਾ ਅਤੇ ਵਿਕਰਮਜੀਤ ਸਿੰਘ ਦਾ ਛੋਟਾ ਭਰਾ ਇਸ ਵੇਲੇ ਵਲਿੰਗਟਨ ਵਿਖੇ ਆਪਣੀ ਪਤਨੀ ਈਸ਼ਵਿੰਦਰ ਕੌਰ ਦੇ ਨਾਲ ਰਹਿ ਰਿਹਾ ਹੈ। ਰਮਨਦੀਪ ਸਿੰਘ ਜਿੱਥੇ ਆਪਣੇ ਕਿੱਤੇ ਦੇ ਵਿਚ ਨਿਪੁੰਨ ਹੈ ਉਥੇ ਇਹ ਨੌਜਵਾਨ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਬੜਾ ਨੇੜਿਓ ਵੇਖਦਾ ਹੈ ਅਤੇ ‘ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ’ ਤੇ ‘ਮਾਈਗ੍ਰਾਂਟ ਰਾਈਟਸ ਨੈਟਵਰਕ’ ਨਿਊਜ਼ੀਲੈਂਡ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਵਲੰਟੀਅਰ ਵਜੋਂ ਜੁੜਿਆ ਹੋਇਆ ਹੈ। ਜਦੋਂ ਇਹ ਮਾਈਗ੍ਰਾਂਟ ਰਾਈਟਸ ਵਾਲੇ ਇਕ ਦਿਨ ਪਾਰਲੀਮੈਂਟ ਦੇ ਬਾਹਰ ਮੁਜ਼ਾਹਰਾ ਕਰ ਰਹੇ ਸਨ ਤਾਂ ਇਸ ਨੌਜਵਾਨ ਨੇ ਬਾਰੀ ਵਿਚੋਂ ਇਹ ਸਾਰਾ ਕੁਝ ਵੇਖਿਆ ਅਤੇ ਜਜ਼ਬਾ ਫੁੱਟ ਉਠਿਆ ਅਤੇ ਇਸਦੀ ਉਤਸੁਕਤਾ ਨੇ ਆਪਣਾ ਹੱਥ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਤੱਕ ਵਧਾਇਆ। ਮਸਲੇ ਸਮਝ ਕੇ ਬਹੁਤ ਵਾਰ ਇਮੀਗ੍ਰੇਸ਼ਨ ਨੂੰ ਆਪਣੇ ਪੱਧਰ ਉਤੇ ਸਮੱਸਿਆਵਾਂ ਦੇ ਹੱਲ ਵਾਸਤੇ ਚਿੱਠੀਆਂ ਲਿਖੀਆਂ। ਪਹਿਲਾਂ-ਪਹਿਲ ਉਸਨੇ ਮੈਂਬਰ ਪਾਰਲੀਮੈਂਟਾਂ ਦੇ ਨਾਲ ਰਾਬਤਾ ਕਰਕੇ ਕੁਝ ਸਮੱਸਿਆਵਾਂ ਵੱਲ ਧਿਆਨ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਬਾਅਦ ਉਸਨੇ ਸੋਚਿਆ ਕਿ ਕਿਉਂ ਨਾ ਆਪ ਹੀ ਉਦਮ ਕੀਤਾ ਜਾਵੇ, ਜਿਸ ਦੇ ਬਾਅਦ ਵਿਚ ਚੰਗੇ ਸੰਤੁਸ਼ਟਮਈ ਨਤੀਜੇ ਵੀ ਨਿਕਲੇ। ਸ਼ਾਲਾ! ਇਹ ਨੌਜਵਾਨ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦਾ ਨਾਂਅ ਭਵਿੱਖ ਦੇ ਵਿਚ ਹੋਰ ਚਮਕਾਵੇ।
    ਵਧਾਈ: ਮਾਈਗ੍ਰਾਂਟ ਰਾਈਟਸ ਨੈਟਵਰਕ ਤੋਂ ਸ਼ੇਰ ਸਿੰਘ ਮਾਣਕਢੇਰੀ, ਮਾਈਗ੍ਰਾਂਟ ਵਰਕਰਜ਼ ਐਸੋਸੀਏਸ਼ਨ ਤੋਂ ਭਾਰਤੀ ਕਲੋਟੀ ਅਤੇ ਮੈਡਮ ਅਨੂ ਕਲੋਟੀ ਹੋਰਾਂ ਨੇ ਇਸ ਨੌਜਵਾਨ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!