ਨਿਯਮਾਂ ਦੀ ਉਲੰਘਣਾ ਤਹਿਤ 25 ਜਵਾਨਾਂ ਵੱਲੋਂ 39 ਕੈਦੀਆਂ ਅਤੇ ਆਮ ਨਾਗਰਿਕਾਂ ਦੇ ਕਤਲੇਆਮ ਦੀ ਪੁਸ਼ਟੀ
(ਹਰਜੀਤ ਲਸਾੜਾ, ਬ੍ਰਿਸਬੇਨ) ਆਸਟ੍ਰੇਲਿਆਈ ਡਿਫੈਂਸ ਮੁਖੀ ਐਂਗਸ ਕੈਂਪਬਲ ਨੇ ਆਪਣੀ ਪੜਤਾਲੀਆ ਰਿਪੋਰਟ ‘ਚ ਮੰਨਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਸਾਲ 2005 ਤੋਂ 2016 ਦੇ ਸੰਭਾਵਿਤ ਯੁੱਧ ਅਪਰਾਧਾਂ ਦੌਰਾਨ ਆਸਟਰੇਲਿਆਈ ਸਪੈਸ਼ਲ ਫੋਰਸ ਦੇ 25 ਜਵਾਨਾਂ ਨੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਤਹਿਤ 39 ਕੈਦੀਆਂ ਅਤੇ ਆਮ ਨਾਗਰਿਕਾਂ ਦਾ ਕਤਲੇਆਮ ਕੀਤਾ ਸੀ। ਪਿਛਲੇ ਚਾਰ ਸਾਲਾਂ ਤੋਂ ਜਸਟਿਸ ਪਾਲ ਬਰੇਟਨ ਨੇ 400 ਤੋਂ ਵੱਧ ਗਵਾਹਾਂ ਅਤੇ ਹਜ਼ਾਰਾਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਰਿਪੋਰਟ ਜਨਤਕ ਕਰਕੇ ਇਸ ਅਣਮਨੁੱਖੀ ਕਾਰੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਕਰੀਬ 23 ਅਜਿਹੇ ਮਾਮਲੇ ਪਾਏ ਗਏ ਹਨ ਜਿੱਥੇ ਮਾਰੇ ਗਏ ਕੁਝ ਅਫ਼ਗਾਨ ਨਾਗਰਿਕ ਦੁਸ਼ਮਣੀਆਂ ਵਿਚ ਹਿੱਸਾ ਨਹੀਂ ਲੈ ਰਹੇ ਸਨ, ਜਦਕਿ ਬਹੁਤੇ ਯੁੱਧ ਦੇ ਕੈਦੀ ਸਨ। ਰਿਪੋਰਟ ਵਿੱਚ 2005 ਤੋਂ 2016 ਦੇ ਅਰਸੇ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਲਗਭਗ ਸਾਰੀਆਂ ਹੀ ਘਟਨਾਵਾਂ 2009 ਅਤੇ 2013 ਦੇ ਵਿੱਚ ਵਾਪਰੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਅਜਿਹੇ ਮਾਮਲੇ ਵੀ ਨਸ਼ਰ ਕੀਤੇ ਜਿੱਥੇ ਆਸਟ੍ਰੇਲਿਆਈ ਫੌਜਾਂ ਨੇ ਕੈਦੀਆਂ ਨਾਲ ਹੱਦ ਦਰਜੇ ਦੇ ਜ਼ਾਲਮਾਨਾ ਕਾਰਨਾਮੇ ਕੀਤੇ। ਕੁੱਝ ਅਫ਼ਗਾਨ ਨਾਗਰਿਕ ਮਾਰੇ ਗਏ ਜੋ ਕਿ ਲੜਾਈ ਦਾ ਹਿੱਸਾ ਵੀ ਨਹੀਂ ਸਨ ਅਤੇ ਜ਼ਿਆਦਾਤਰ ਨੂੰ ਲੜਾਈ ਦੇ ਬੰਦੀ ਹੋਣ ਦੇ ਬਾਵਜੂਦ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ੍ਰੀ ਜਸਟਿਨ ਦਾ ਕਹਿਣਾ ਹੈ ਕਿ ਹਾਲੇ ਹੋਰ ਵੀ ਜਾਂਚ ਦੀ ਲੋੜ ਹੈ ਕਿਉਂਕਿ ਬਹੁਤ ਕੁੱਝ ਹਾਲੇ ਵੀ ਸਬੂਤਾਂ ਨਾਲ ਸਾਹਮਣੇ ਆ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ ਕਮਾਂਡਰਾਂ ਵੱਲੋਂ ਆਪਣੇ ਮਤਾਹਿਤ ਸਿਪਾਹੀਆਂ ਨੂੰ ਵੀ ਗੋਲੀ ਚਲਾ ਕੇ ਲੋਕਾਂ ਨੂੰ ਮਾਰਨ ਦੇ ਹੁਕਮ ਦਿੱਤੇ ਜਾਂਦੇ ਸਨ ਅਤੇ ਪ੍ਰੇਰਿਆ ਜਾਂਦਾ ਸੀ ਕਿ ਇਹ ਉਨ੍ਹਾਂ ਦੀ ਸਿਖਲਾਈ ਦਾ ਹੀ ਹਿੱਸਾ ਹੈ ਅਤੇ ਇਸ ਨੂੰ ‘ਬਲੱਡਿੰਗ’ ਦਾ ਨਾਮ ਦਿੱਤਾ ਜਾਂਦਾ ਸੀ। ਹੁਣ ਬਤੌਰ ਸਜ਼ਾ ਇਹਨਾਂ ਸੰਬੰਧਿਤ ਫੌਜੀਆਂ ਉਪਰ ਕਾਰਵਾਈ ਕੀਤੀ ਜਾਵੇਗੀ ਅਤੇ ਕਈਆਂ ਦਿੱਤੇ ਗਏ ਮੈਡਲ ਅਤੇ ਮਾਣ-ਪੱਤਰ ਵੀ ਵਾਪਿਸ ਲਏ ਜਾਣਗੇ।