ਦੋ ਗੰਭੀਰ ਜਖਮੀ,ਇੱਕ ਵਾਲ ਵਾਲ ਬਚਿਆ
ਅਸ਼ੋਕ ਵਰਮਾ
ਬਠਿੰਡਾ,20ਨਵੰਬਰ 2020:ਬਠਿੰਡਾ ਚੰਡੀਗੜ੍ਹ ਕੌਮੀ ਸੜਕ ਮਾਰਗ ਤੇ ਰਾਮਪੁਰਾ ਫੂਲ ਸ਼ਹਿਰ ਤੋਂ ਕੁੱਝ ਦੂਰੀ ਤੇ ਪਿੰਡ ਜੇਠੂਕੇ ਲਾਗੇ ਵਾਪਰੇ ਅੱਜ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਰੂਪ ’ਚ ਜਖਮੀ ਹੋ ਗਏ ਅਤੇ ਇੱਕ ਵਾਲ ਵਾਲ ਬਚਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜੇਠੂਕੇ ਕੋਲ ਪੈਟਰੋਲ ਪੰਪ ਦੇ ਸਾਹਮਣੇ ਬਠਿੰਡਾ ਵਾਲੇ ਪਾਸਿਓਂ ਆ ਰਹੀ ਕਾਰ ਸੜਕ ਦੇ ਇੱਕ ਤਰਫ ਖਲੋਤੇ ਟਰੱਕ ਦੇ ਪਿਛਲੇ ਹਿੱਸੇ ’ਚ ਜਾ ਵੱਜੀ। ਟੱਕਰ ਐਨੀ ਜਬਰਦਸਤ ਸੀ ਇੱਕ ਧਮਾਕੇ ਨਾਲ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ। ਘਟਨਾਂ ਦੀ ਸੂਚਨਾ ਮਿਲਦਿਆਂ ਰਾਮਪੁਰਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਪ੍ਰਧਾਨ ਸੰਦੀਪ ਵਰਮਾ ਦੀ ਅਗਵਾਈ ਹੇਠ ਐਂਬੂਲੈਂਸ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਜਖਮੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਰਾਮਪੁਰਾ , ਤਪਾ ਮੰਡੀ ਅਤੇ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ। ਥਾਣਾ ਸਦਰ ਰਾਮਪੁਰਾ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਗੁਰਇਕਬਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮੋਹਲੀ ਕਲਾਂ ਜਿਲਾ ਸੰਗਰੂਰ ਆਦੇਸ਼ ਹਸਪਤਾਲ ’ਚ ਜੇਰੇ ਇਲਾਜ ਆਪਣੀ ਪਤਨੀ ਮਨਦੀਪ ਕੌਰ ਨੂੰ ਛੁੱਟੀ ਦਿਵਾਕੇ ਵਾਪਿਸ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਗੁਰਇਕਬਾਲ ਸਿੰਘ ਦੀ ਸਿਵਲ ਹਸਪਤਾਲ ਵਿੱਚ ਮੌਤ ਹੋਈ ਹੈ ਜਦੋਂਕਿ ਸੁਬੇਗ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਢਿੱਲਵਾਂ ਜਿਲਾ ਬਰਨਾਲਾ ਅਤੇ ਇੱਕ 9 ਮਹੀਨੇ ਦਾ ਬੱਚਾ ਜਖਮਾਂ ਦੀ ਤਾਬ ਨਾਂ ਝੱਲਦਿਆਂ ਇੱਕ ਨਿੱਜੀ ਹਸਪਤਾਲ ’ਚ ਚੱਲ ਵਸੇ।ਇਸ ਹਾਦਸੇ ’ਚ ਮਨਦੀਪ ਕੌਰ ਅਤੇ ਮਨਜਿੰਦਰ ਕੌਰ ਗੰਭੀਰ ਜਖਮੀ ਹੋਈਆਂ ਹਨ ਅਤੇ ਲਵਪ੍ਰੀਤ ਕੌਰ ਬਚ ਗਈ ਹੈ। ਉਹਨਾਂ ਦੱਸਿਆ ਕਿ ਮਿ੍ਰਤਕ ਦੇ ਭਰਾ ਅਵਤਾਰ ਸਿੰਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੋਸ਼ਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।