ਫਰੀਦਕੋਟ (ਮਿੰਟੂ ਖੁਰਮੀ)
ਤਿੰਨ ਦਿਨ ਬਾਅਦ ਵੀ ਰਿਪੋਰਟਾਂ ਨਹੀਂ ਆਈਆਂ
ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਹੀ ਭਾਵੇਂ ਪੰਜਾਬ ਵਿੱਚ ਸਰਕਾਰ ਅਤੇ ਸਮਾਜ ਸੇਵੀ ਗੰਭੀਰਤਾ ਨਾਲ ਲੈ ਰਹੇ ਹਨ ਪਰ ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀ ਪਤਾ ਨਹੀਂ ਇਸ ਪ੍ਰਤੀ ਕਦੋ ਸੰਜੀਦਾ ਹੋਣਗੇ। ਇਸ ਦੀ ਉਦਾਹਰਨ ਇਥੋਂ ਮਿਲਦੀ ਹੈ ਕਿ ਹੁਣ ਤੱਕ ਕਰੋਨਾਂ ਦੇ ਟੈਸਟਾਂ ਦੀ ਰਿਪੋਰਟਾਂ ਜੋ ਹਮੇਸ਼ਾ ਹੀ ਸੇਹਤ ਵਿਭਾਗ ਨੂੰ 24 ਘੰਟਿਆਂ ਵਿੱਚ ਅਮਿ੍ਰਤਸਰ ਤੋਂ ਆ ਜਾਂਦੀਆਂ ਸਨ ਉਹ ਬਾਬਾ ਫਰੀਦ ਯੂਨੀਵਰਸਿਟੀ 3 ਦਿਨ ਬੀਤ ਜਾਣ ‘ਤੇ ਵੀ ਹਾਲੇ ਤੱਕ ਨਹੀਂ ਦੇ ਸਕੀ। ਯੂਨੀਵਰਸਿਟੀ ਦੀ ਇਸ ਕਾਰਵਾਈ ਕਰਕੇ ਸ਼ਹਿਰ ਵਿੱਚ ਰੋਸ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ 6 ਦਿਨ ਪਹਿਲਾਂ ਕਰੋਨਾਂ ਟੈਸਟ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਲੈਬ ਸ਼ੁਰੂ ਕੀਤੀ ਹੈ ਅਤੇ ਪੂਰੇ ਪੰਜਾਬ ਵਿੱਚ ਟੈਸਟ ਸ਼ੁਰੂ ਕਰਨ ਬਾਰੇ ਪ੍ਰਚਾਰ ਕੀਤਾ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਫਿਲਹਾਲ ਇਥੇ 40 ਟੈਸਟ ਕਰਨ ਦੀ ਸੁਵਿਧਾ ਹੈ ਅਤੇ ਜਲਦੀ ਹੀ ਇਸ ਨੂੰ ਸਿਫਟਾਂ ਵਿੱਚ ਕਰਕੇ ਇਸ ਦੀ ਸਮੱਰਥਾ 120 ਕਰ ਲਈ ਜਾਵੇਗੀ। ਪਰ ਹਾਲਾਤ ਇਹ ਹਨ ਕਿ ਪਿਛਲੇ 3 ਦਿਨਾਂ ਤੋਂ ਫਰੀਦਕੋਟ ਦੇ ਤੀਜ਼ੇ ਕਰੋਨਾਂ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ 43 ਦੇ ਕਰੀਬ ਲੋਕਾਂ ਦੇ ਨਮੂੰਨੇ ਭੇਜੇ ਗਏ ਹਨ ਅਤੇ ਰਿਪੋਰਟ ਦਾ ਇਤਜ਼ਾਰ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਪਤਾ ਲੱਗਣਾ ਹੈ ਕਿ ਹੋਰ ਵਿਅਕਤੀਆਂ ਦੇ ਰਿਹਾਇਸ਼ੀ ਮੁਹੱਲਿਆਂ ਨੂੰ ਸੀਲ ਕਰਨਾ ਹੈ ਜਾ ਨਹੀਂ,ਪਰ ਰਿਪੋਰਟ ਨਾ ਆਉਣ ਕਰਕੇ ਇਹ ਮਾਮਲਾ ਲਟਕ ਰਿਹਾ ਹੈ।
ਇਸੇ ਤਰ੍ਹਾਂ ਸਪੈਸ਼ਲ ਚੀਫ ਸੈਕਟਰੀ ਸ. ਕੇ. ਬੀ. ਐਸ. ਸਿੱਧੂ ਨੇ ਬੁੱਧਵਾਰ ਨੂੰ 12.37 ਵਜੇ ਟਵੀਟ ਕਰਕੇ ਕਿਹਾ ਹੈ ਕਿ ਫਰੀਦਕੋਟ ਦੀ ਲੈਬ ਹੁਣ ਸਹੀ ਟਰੈਕ ‘ਤੇ ਆ ਗਈ ਹੈ ਅਤੇ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਰੀਆਂ ਤਰੁੱਟੀਆਂ ਦੂਰ ਕਰ ਲਈਆਂ ਗਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਟੈਸਟ ਕਰਨ ਦੀ ਸਮੱਰਥਾਂ ਜਲਦੀ ਹੀ ਵਧਾਈ ਜਾ ਰਹੀ ਹੈ।
ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਐਸ. ਐਮ. ਓ. ਡਾ. ਚੰਦਰ ਕੱਕੜ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਰੋਨਾਂ ਦਾ ਸ਼ੱਕੀ ਮਰੀਜਾਂ ਦੀਆਂ ਰਿਪੋਰਟਾਂ ਜ਼ਿਆਦਾ ਆ ਰਹੀਆਂ ਹਨ, ਜਿਸ ਕਾਰਨ ਸਾਰੇ ਪੰਜਾਬ ਵਿੱਚ ਰਿਪੋਰਟਾਂ ਪੈਡਿੰਗ ਪਈਆਂ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਫਰੀਦਕੋਟ ਤੋਂ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਭੇਜੇ ਲਏ ਸ਼ੱਕੀਆਂ ਦੇ ਸੈਂਪਲਾਂ ਦੀ ਰਿਪੋਰਟ ਤਿੰਨ ਦਿਨਾਂ ਤੋਂ ਪੈਡਿੰਗ ਹੈ ਅਤੇ ਪਹਿਲਾਂ ਅਮਿ੍ਰਤਸਰ ਤੋਂ ਉਨ੍ਹਾ ਨੂੰ 24 ਘੰਟੇ ਬਾਅਦ ਰਿਪੋਰਟ ਮਿਲ ਜਾਂਦੀ ਸੀ।