ਅਸ਼ੋਕ ਵਰਮਾ
ਬਠਿੰਡਾ,18 ਨਵੰਬਰ2020: ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਸਤੰਬਰ-2020 ਇਮਤਿਹਾਨਾਂ ਦੇ ਨਤੀਜਿਆਂ ਵਿੱਚ ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦਾ ਆਖਰੀ ਸਾਲ ਦਾ ਨਤੀਜ਼ਾ 100 ਫੀਸਦੀ ਰਿਹਾ ਹੈ। ਇਸ ਤੋਂ ਇਲਾਵਾ ਕਾਲਜ ਦੇ ਦੂਸਰੇ ਸਾਲ ਦਾ ਨਤੀਜ਼ਾ 98.94 ਫੀਸਦੀ ਅਤੇ ਪਹਿਲੇ ਸਾਲ ਦਾ ਨਤੀਜ਼ਾ 99.93 ਫੀਸਦੀ ਰਿਹਾ ਹੈ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਬੋਰਡ ਇਮਤਿਹਾਨਾਂ ਵਿੱਚ ਕਾਲਜ ਦੇ 717 ਵਿਦਿਆਰਥੀਆਂ ਵਿੱਚੋਂ 713 ਵਿਦਿਆਰਥੀ ਪਾਸ ਹੋਏ ਹਨ ਜਿਹਨਾਂ ਵਿੱਚੋਂ 91 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ।
ਉਹਨਾਂ ਇਸ ਲਈ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਕਾਲਜ ਹਮੇਸ਼ਾਂ ਹੀ ਬੋਰਡ ਨਤੀਜਿਆਂ ਵਿੱਚ ਰਾਜ ਦਾ ਮੋਹਰੀ ਕਾਲਜ ਰਿਹਾ ਹੈ ਅਤੇ ਪਿਛਲੇ ਸਾਲ ਵੀ 76 ਵਿਦਿਆਰਥੀਆਂ ਨੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਨਤੀਜ਼ਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ। ਉਹਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵੀ ਨਤੀਜ਼ਾ ਸ਼ਤ ਪ੍ਰਤੀਸ਼ਤ ਰਹਿਣਾ ਵੀ ਕਾਲਜ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਪੜਾਈ ਕਰਵਾ ਰਿਹਾ ਹੈ ।ਉਹਨਾਂ ਦੱਸਿਆ ਕਿ ਹਰ ਵਿਦਿਆਰਥੀ ਨਾਲ ਵਿਅਕਤੀਗਤ ਤੌਰ ਤੇ ਸੰਪਰਕ ਵੀ ਰੱਖਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਦੌਰਾਨ ਕਾਲਜ ਵਿਖੇ ਬਾਕੀ ਦੀ ਗਤੀਵਿਧੀਆਂ ਵੀ ਜਾਰੀ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਸਾਲ ਕਾਲਜ ਦਾ ਦਾਖਲਾ ਅਤੇ ਪਲੇਸਮੈਂਟ ਵੀ 100 ਫੀਸਦੀ ਰਹੀ ਹੈ। ਇਸ ਮੌਕੇ ਕਾਲਜ ਦੇ ਮੁਖੀ ਵਿਭਾਗ-ਕਮ-ਅਕਾਦਮਿਕ ਇੰਚਾਰਜ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਆਖਰੀ ਸਾਲ ਆਰਕੀਟੈਕਚਰ ਵਿਭਾਗ ਦੀ ਵਿਦਿਆਰਥਣ ਖੁਸ਼ੀ ਮਿੱਡਾ ਨੇ 95, ਫਾਰਮੇਸੀ ਦੇ ਨਿਸ਼ਾਂਤ ਬਾਂਸਲ ਨੇ 92, ਆਈ.ਟੀ ਦੀ ਸੇਜ਼ਲ ਸ਼ਰਮਾਂ ਨੇ 90, ਕੰਪਿਊਟਰ ਸਾਇੰਸ ਦੇ ਅਸੀਮ ਗੰੁਬਰ ਨੇ 89, ਸਿਵਲ ਦੇ ਡੈਵੀ ਬਾਂਸਲ ਨੇ 89, ਇਲੈਕਟ੍ਰੀਕਲ ਦੇ ਲਵਪ੍ਰੀਤ ਸਿੰਘ ਨੇ 88, ਮਕੈਨੀਕਲ ਦੇ ਗੁਰਜੀਤ ਸਿੰਘ ਨੇ 87, ਈ.ਸੀ.ਈ ਦੇ ਹਰਵਿੰਦਰ ਸਿੰਘ ਨੇ 82 ਅਤੇ ਪ੍ਰੋਡਕਸ਼ਨ ਨੇ 82 ਅੰਕ ਪ੍ਰਾਪਤ ਕਰਕੇ ਆਪੋ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।