
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 12 ਨਵੰਬਰ 2020
ਅਮਰੀਕਾ ਦਾ ਖੇਤਰਫਲ ਬਹੁਤ ਵਿਸ਼ਾਲ ਅਤੇ ਧਰਾਤਲੀ ਭਿੰਨਤਾਵਾਂ ਵਾਲਾ ਹੈ। ਇਸ ਦੇ ਬਹੁਤ ਖੇਤਰ ਇਹਨਾਂ ਭਿੰਨਤਾਵਾਂ ਕਾਰਨ ਕਈ ਤਰ੍ਹਾਂ ਦੀ ਮੌਸਮੀ ਤਬਦੀਲੀ ਦਾ ਸਾਹਮਣਾ ਕਰਦੇ ਹਨ।ਮੌਸਮੀ ਮਾਹਿਰਾਂ ਦਾ ਡਰ ਹੈ ਕਿ ਵਾਤਾਵਰਨ ਅਤੇ ਮੌਸਮ ਵਿੱਚ ਹੋ ਰਹੀਆਂ ਭਾਰੀ ਤਬਦੀਲੀਆਂ ਦੇਸ਼ ਦੇ ਕਈ ਖੇਤਰਾਂ ਨੂੰ ਲੋਕਾਂ ਦੇ ਰਹਿਣ ਲਈ ਅਯੋਗ ਬਣਾ ਦੇਣਗੀਆਂ। ਇਹਨਾਂ ਤਬਦੀਲੀਆਂ ਵਿੱਚ ਕਈ ਖੇਤਰ ਜਿਵੇਂ ਕਿ ਫੀਨਿਕਸ, ਹਿਊਸਟਨ ਅਤੇ ਮਿਆਮੀ ਵਰਗੀਆਂ ਥਾਵਾਂ ਦੀ ਜ਼ਮੀਨ ਘੱਟ ਰਹਿਣਯੋਗ ਬਣ ਰਹੀ ਹੈ ਕਿਉਂਕਿ ਇਹਨਾਂ ਸ਼ਹਿਰਾਂ ਵਿੱਚ ਤਾਪਮਾਨ ਅਤੇ ਵੱਧਦੇ ਸਮੁੰਦਰੀ ਪੱਧਰ ਦੇ ਜੋਖਮ ਵਧ ਰਹੇ ਹਨ। ਜਿਸ ਕਰਕੇ ਦੇਸ਼ ਦੇ ਲੋਕ ਪਰਵਾਸ ਸੰਬੰਧੀ ਢੰਗ ਬਦਲਣ ਲਈ ਮਜਬੂਰ ਹੋਣਗੇ। ਪਰ ਇਸ ਸਭ ਦੇ ਬਾਵਜੂਦ ਮੌਸਮ ਦੇ ਸੰਕਟ ਦੇ ਖੇਤਰਾਂ ਤੋਂ ਦੂਰ ਜਾਣ ਦੀ ਬਜਾਏ, ਅਮਰੀਕੀ ਲੋਕ ਅਜੇ ਵੀ ਉਨ੍ਹਾਂ ਵੱਲ ਆ ਰਹੇ ਹਨ। ਇਸ ਸਾਲ ਕੋਰੋਨਾਂ ਮਹਾਂਮਾਰੀ ਦੇ ਚਲਦਿਆਂ ਲਗਭੱਗ ਪਿਛਲੇ ਇੱਕ ਸਾਲ ਤੋਂ, ਘਰ ਤੋਂ ਕੰਮ ਕਰ ਰਹੇ ਲੋਕਾਂ ਦੁਆਰਾ ਰਹਿਣ ਸੰਬੰਧੀ ਗੱਲਬਾਤ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪ੍ਰੋਪਬਲੀਕਾ ਦੁਆਰਾ ਵਿਸ਼ਲੇਸ਼ਣ ਕੀਤੇ ਰੋਡੀਅਮ ਸਮੂਹ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੌਸਮ ਦਾ ਬਦਲਾਵ ਦੇਸ਼ ਦੇ ਦੱਖਣੀ ਤੀਜੇ ਹਿੱਸੇ ‘ਤੇ ਤਬਾਹੀ ਮਚਾ ਦੇਵੇਗਾ, ਇਸ ਦੇ 8% ਤੋਂ ਵਧੇਰੇ ਆਰਥਿਕ ਸਾਧਨ ਵੀ ਮਿਟ ਜਾਣਗੇ ਅਤੇ ਇਹ ਸੰਭਾਵਤ ਤੌਰ’ ਤੇ ਪ੍ਰਵਾਸ ਨੂੰ ਬਦਲ ਦੇਵੇਗਾ। ਅੰਕੜੇ ਦਰਸਾਉਂਦੇ ਹਨ ਕਿ ਵਧ ਰਹੀ ਗਰਮੀ ਦਾ ਮੌਸਮ ਸਭ ਨੂੰ ਬਦਲ ਦੇਵੇਗਾ ਅਤੇ ਲੱਖਾਂ ਲੋਕ ਹੜ੍ਹਾਂ, ਅੱਗਾਂ ਆਦਿ ਦਾ ਵੀ ਸਾਹਮਣਾ ਕਰ ਸਕਦੇ ਹਨ।