ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 7 ਨਵੰਬਰ 2020

ਕੋਰੋਨਾਂ ਕਾਲ ਦੌਰਾਨ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸਦੇ ਕਈ ਰਾਜਾਂ ਵਿੱਚ ਇਸ ਮਹਾਂਮਾਰੀ ਨੇ ਹਾਲਾਤ ਕਾਫੀ ਵਿਗਾੜ ਦਿੱਤੇ ਹਨ। ਇਹਨਾਂ ਦੀ ਸੂਚੀ ਵਿੱਚ ਹੁਣ ਟੈਕਸਾਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦੇਸ਼ ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਸਰਗਰਮ ਮਾਹੌਲ ਦੇ ਦੌਰਾਨ ਟੈਕਸਾਸ ਨੇ ਕੋਵਿਡ -19 ਦੇ 10 ਲੱਖ ਮਾਮਲਿਆਂ ਨੂੰ ਪਾਰ ਕਰ ਲਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਤੱਕ 1,000,589 ਪੁਸ਼ਟੀ ਕੀਤੇ ਗਏ ਕੇਸ ਦਰਜ਼ ਕੀਤੇ ਗਏ ਹਨ। ਟੈਕਸਾਸ ਨੇ ਵਾਇਰਸ ਦੇ ਕੇਸਾਂ ਵਿੱਚ ਕੈਲੀਫੋਰਨੀਆਂ ਨੂੰ ਪਿੱਛੇ ਛੱਡਿਆ ਹੈ ਜਿੱਥੇ ਇਸ ਮਹੀਨੇ 960,361 ਕੇਸ ਹਨ ਪਰ ਦੋਵਾਂ ਰਾਜਾਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ। ਇੱਕ ਵਿਸ਼ਲੇਸ਼ਣ ਨੇ ਦੱਸਿਆ ਕਿ ਟੈਕਸਾਸ ਵਿਚ 40% ਅਤੇ ਕੈਲੀਫੋਰਨੀਆਂ ਵਿਚ 31 ਪ੍ਰਤੀਸ਼ਤ ਕੈਰੋਨਾਂ ਵਾਇਰਸ ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਸ਼ੁੱਕਰਵਾਰ ਨੂੰ ਪੂਰੇ ਅਮਰੀਕਾ ਵਿੱਚ 122,365 ਨਵੇਂ ਕੇਸਾਂ ਦਾ ਵਾਧਾ ਹੋਇਆ ਹੈ। ਇਸ ਨੇ ਰੋਜ਼ਾਨਾ ਕੋਰੋਨਾਂ ਵਾਇਰਸ ਕੇਸਾਂ ਦੇ ਪਿਛਲੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਸਦੇ ਨਾਲ ਹੀ ਸ਼ੁੱਕਰਵਾਰ ਸਵੇਰ ਤੱਕ ਕੁੱਲ 18,977 ਮੌਤਾਂ ਨਾਲ ਟੈਕਸਾਸ ਵਿਚ ਪਿਛਲੇ ਦੋ ਹਫ਼ਤਿਆਂ ਦੌਰਾਨ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਕੋਵਿਡ -19 ਡੈਸ਼ਬੋਰਡ ਦੇ ਅਨੁਸਾਰ, ਲਗਭਗ 9.7 ਮਿਲੀਅਨ ਮਾਮਲਿਆਂ ਅਤੇ ਲਗਭਗ 237,000 ਮੌਤਾਂ ਦੇ ਨਾਲ, ਸੰਯੁਕਤ ਰਾਜ ਅਮਰੀਕਾ ਸਭ ਤੋਂ ਅੱਗੇ ਹੈ।