ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 6 ਨਵੰਬਰ 2020


ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅਮਰੀਕਾ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।ਕਈ ਖੇਤਰਾਂ ਵਿੱਚ ਵੋਟ ਗਿਣਤੀ ਦੇ ਕੇਦਰਾਂ ਬਾਹਰ ਉਮੀਦਵਾਰਾਂ ਦੇ ਸਮਰੱਥਕਾਂ ਦੁਆਰਾ ਰੋਸ਼ ਵੀ ਪ੍ਰਗਟ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਨੂੰ ਪੈਨਸਿਲਵੇਨੀਆ ਕਨਵੈਨਸ਼ਨ ਸੈਂਟਰ ਦੇ ਬਾਹਰ ਹਮਲੇ ਦੀ ਫਿਰਾਕ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਾਡੇਲਫਿਯਾ ਪੁਲਿਸ ਨੂੰ ਇੱਕ ਹਮਲੇ ਦੇ ਧਮਕੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਜਦਕਿ ਇਸ ਸਮੇਂ ਕੇਂਦਰ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਸੀ। ਪੁਲਿਸ ਅਨੁਸਾਰ ਉਨ੍ਹਾਂ ਨੂੰ ਵੀਰਵਾਰ ਰਾਤ 10 ਵਜੇ ਦੇ ਕਰੀਬ ਸੁਚੇਤ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ ਇੱਕ ਸਿਲਵਰ ਰੰਗ ਦੀ ਹਮਰ ਕਾਰ ਚਲਾਉਣ ਵਾਲੇ ਰਾਜ ਤੋਂ ਬਾਹਰ ਦੇ ਵਿਅਕਤੀਆਂ ਦੇ ਇੱਕ ਸਮੂਹ ਤੋਂ ਕਿਸੇ ਤਰ੍ਹਾਂ ਦੇ ਹਮਲੇ ਦਾ ਖਤਰਾ ਸੀ। ਇਹਨਾਂ ਦੋਵੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜਾਂਚ ਜਾਰੀ ਹੈ। ਇਸ ਗੱਲ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਵਾਹਨ ਵਿੱਚ ਕੋਈ ਹਥਿਆਰ ਵੀ ਸਨ। ਟਰੰਪ ਦੀ ਪੈਨਸਿਲਵੇਨੀਆ ਵਿੱਚ ਜੋਏ ਬਾਈਡੇਨ ਉੱਤੇ ਵੋਟਾਂ ਵਿੱਚ ਬੜਤ ਵੀਰਵਾਰ ਨੂੰ ਘੱਟ ਗਈ ਹੈ ਜਦਕਿ ਰਾਸ਼ਟਰਪਤੀ ਨੇ ਪੈਨਸਿਲਵੇਨੀਆ ਅਤੇ ਹੋਰ ਪ੍ਰਮੁੱਖ ਰਾਜਾਂ ਵਿੱਚ ਵੋਟਾਂ ਦੀ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕੀਤੇ ਸਨ। ਸ਼ਹਿਰ ਦੇ ਇਸ ਗਿਣਤੀ ਕੇਂਦਰ ਦੇ ਬਾਹਰ ਵੀਰਵਾਰ ਨੂੰ ਬਹੁਤ ਜਿਆਦਾ ਤਣਾਅ ਸੀ ਜਿਸ ਦੌਰਾਨ ਟਰੰਪ ਅਤੇ ਬਾਈਡੇਨ ਦੇ ਸਮਰੱਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।