ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ2020: ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ‘ਚ ਚੱਲ ਰਹੇ ਕਿਸਾਨ ਘੋਲ ਨੂੰ ਡੱਕਣ ਲਈ ਮੋਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਦਬਾਊ ਕਦਮ ‘ਜਬੈ ਬਾਣ ਲਾਗੇ ਤਬੈ ਰੋਸ ਜਾਗੇ’ ਦਾ ਸਬੱਬ ਬਣ ਰਹੇ ਹਨ। ਇਸੇ ਕੜੀ ਤਹਿਤ ਹਲਕੇ ਦੇ ਪਿੰਡਾਂ ਅੰਦਰ ਕਿਸਾਨ ਔਰਤਾਂ ਵੀ ਮੈਦਾਨ ‘ਚ ਨਿੱਤਰਣ ਲੱਗੀਆਂ ਹਨ। ਅੱਜ ਪਿੰਡ ਮਿਠੜੀ ਬੁੱਧਗਿਰ ‘ਚ ਕਿਸਾਨ ਮਜਦੂਰ ਔਰਤਾਂ ਨੇ ਖੇਤੀ ਕਾਨੂੰਨਾਂ ਤੇ ਪ੍ਰਦੂਸ਼ਣ ਰੋਕਣ ਦੇ ਨਾਂ ਹੇਠ ਕੇਂਦਰੀ ਹਕੂਮਤ ਵੱਲੋਂ ਸੰਘਰਸਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਸਬੰਧੀ ਜਾਰੀ ਕੀਤੇ ਆਰਡੀਨੈਂਸ ਵਿਰੁੱਧ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਪੁਤਲਾ ਬਨਾਉਣ ਤੇ ਇਸਨੂੰ ਅਰਥੀ ਬਣਾ ਕੇ ਮੋਢਿਆਂ ‘ਤੇ ਚੁੱਕ ਕੇ ਪਿੰਡ ਦੀ ਸੱਥ ‘ਚ ਲਿਆਉਣ ਦੀ ਜਿੰਮੇਵਾਰੀ ਭਿਾਉਂਦਿਆਂ ਕਿਸਾਨ ਔਰਤਾਂ ਨੇ ਕੇਂਦਰ ਸਰਕਰ ਦੇ ਵੈਣ ਪਾਏ।
ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣ ਸਮੇਂ ਜੁੜੇ ਇਕੱਠ ਦੌਰਾਨ ਕਰਿਸ਼ਨਾ ਦੇਵੀ ਤੋਂ ਇਲਾਵਾ ਗੁਰਵਿੰਦਰ ਕੌਰ ਨੇ ਸੰਬੋਧਨ ਕੀਤਾ। ਔਰਤਾਂ ਨੇ ਆਖਿਆ ਕਿ ਮਰਦਾਂ ਦੇ ਖੇਤੀ ਰੁਝੇਵੇਂ ਵਧਣ ਦੀ ਸੂਰਤ ‘ਚ ਉਹ ਮੈਦਾਨ ‘ਚ ਆਈਆਂ ਹਨ ਤਾਂ ਜੋ ਖੇਤੀ ਨੂੰ ਉਜਾੜ ਕੇ ਅੰਡਾਨੀਆ ਅੰਬਾਨੀਆ ਵਰਗੇ ਵੱਡੇ ਸਾਹਾਂ ਦੇ ਮੋਟੇ ਮੁਨਾਫਿਆਂ ਦੀ ਗਰੰਟੀ ਕਰਨ ਲਈ ਹਿੰਡ ਫੜੀ ਬੈਠੀ ਮੋਦੀ ਹਕੂਮਤ ਦੇ ਤਾਨਾਸ਼ਾਹ ਰਵੱਈਏ ਦਾ ਨੱਕ ਮੋੜਿਆ ਜਾ ਸਕੇ। ਉਹਨਾਂ ਐਲਾਨ ਕੀਤਾ ਕਿ ਉਹ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਘੋਲ ਨੂੰ ਅੰਜਾਮ ਤੱਕ ਪਚਾਉਣ ਲਈ ਤਾਣ ਲਾਉਣਗੀਆਂ। ਉਹਨਾਂ ਆਖਿਆ ਕਿ 5 ਨਵੰਬਰ ਨੂੰ ਖੇਤੀ ਕਾਨੂੰਨਾਂ ਤੇ ਮੋਦੀ ਹਕੂਮਤ ਵਲੋਂ ਪੰਜਾਬ ਦੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕੀਤੇ ਵਾਰ ਦੇ ਖਿਲਾਫ ਮੁਲਕ ਵਿਆਪੀ ਚੱਕਾ ਜਾਮ ਕਰਨ ਦੇ ਸੱਦੇ ਤਹਿਤ ਬੀਕੇਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਸ ਜਾਮ ‘ਚ ਭਰਵੀਂ ਸ਼ਮੂਲੀਅਤ ਕੀਤੀ ਜਾਏਗੀ।
ਇਸ ਮੌਕੇ ਕਿਸਾਨ ਆਗੂ ਗੁਰਪਾਸ਼ ਸਿੰਘ ਤੇ ਦਲਜੀਤ ਸਿੰਘ ਨੇ ਖੇਤ ਮਜਦੂਰ ਯੂਨੀਅਨ ਦੀਆਂ ਔਰਤ ਆਗੂਆਂ ਵੱਲੋਂ ਕਿਸਾਨ ਔਰਤਾਂ ਨੂੰ ਜਥੇਬੰਦ ਕਰਨ ਚ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਸਾਨ ਔਰਤਾਂ ਵੱਲੋਂ ਮੌਜੂਦਾ ਸੰਘਰਸ਼ ‘ਚ ਨਿੱਤਰਨ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਆਖਿਆ ਕਿ ਭਾਵੇਂ ਹੋਰਨਾਂ ਜਿਲਿਆਂ ‘ਚ ਤਾਂ ਕਿਸਾਨ ਔਰਤਾਂ ਲੰਮੇ ਸਮੇਂ ਤੋਂ ਕਿਸਾਨ ਘੋਲਾਂ ‘ਚ ਆਗੂ ਭੂਮਿਕਾ ਵੀ ਨਿਭਾਅ ਰਹੀਆਂ ਹਨ ਪਰ ਹੁਣ ਲੰਬੀ ਬਲਾਕ ‘ਚ ਵੀ ਔਰਤਾਂ ਦਾ ਅੱਗੇ ਆਉਣਾ ਕਿਸਾਨ ਜਥੇਬੰਦੀ ਤੇ ਘੋਲ ਨੂੰ ਹੋਰ ਤਕੜਾਈ ਦੇਵੇਗਾ। ਕਿਸਾਨ ਆਗੂਆਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ‘ਚ ਕਿਸਾਨ ਜਥੇਬੰਦੀ ਦੇ ਔਰਤ ਵਿੰਗ ਦੀਆਂ ਕਮੇਟੀਆਂ ਹੋਰਨਾਂ ਪਿੰਡਾਂ ‘ਚ ਵੀ ਜਥੇਬੰਦ ਕਰਨ ਲਈ ਤਾਣ ਲਾਇਆ ਜਾਵੇਗਾ। ਆਗੂਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਵਕਤ ਵਿਚਾਰ ਅਤੇ ਕਾਰਪੋਰੇਟ ਘਰਾਣਿਆਂ ਤੋਂ ਪਾਸਾ ਵੱਟੇ ਨਹੀਂ ਤਾਂ ਪੰਜਾਬ ਵਾਸੀਆਂ ਦੇ ਹੋਰ ਵੀ ਤਿੱਖੇ ਅਤੇ ਜਾਨਹੂਲਵੇਂ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਇਹ ਚੁਣੀਆਂ ਔਰਤ ਵਿੰਗ ਦੀਆਂ ਆਗੂ
ਕਿਸਾਨ ਔਰਤਾਂ ਵੱਲੋਂ ਖੇਤ ਮਜਦੂਰਾਂ ਦੀ ਮਹਿਲਾ ਆਗੂ ਕਰਿਸ਼ਨਾ ਦੇਵੀ ਤੇ ਗੁਰਮੇਲ ਕੌਰ ਦੇ ਸਹਿਯੋਗ ਨਾਲ ਪਿੰਡ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਇਕਾਈ ਵੀ ਸਥਾਪਿਤ ਕੀਤੀ ਗਈ। ਇਕੱਠੀਆਂ ਹੋਈਆਂ ਕਿਸਾਨ ਔਰਤਾਂ ਵੱਲੋਂ 9 ਮੈਂਬਰੀ ਕਮੇਟੀ ਦੀ ਚੋਣ ਕਰਕੇ ਸਰਬਸੰਮਤੀ ਨਾਲ ਗੁਰਮੀਤ ਕੌਰ ਨੂੰ ਪ੍ਰਧਾਨ, ਗੁਰਵਿੰਦਰ ਕੌਰ ਨੂੰ ਮੀਤ ਪ੍ਰਧਾਨ ਮਨਜੀਤ ਕੌਰ ਨੂੰ ਸਕੱਤਰ ਤੇ ਜਸਵੀਰ ਕੌਰ,ਨਸੀਬ ਕੌਰ, ਹਰਪ੍ਰੀਤ ਕੌਰ, ਮਲਕੀਤ ਕੌਰ , ਗੁਰਮੇਲ ਕੌਰ ਤੇ ਰਮਨਦੀਪ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ।