18.3 C
United Kingdom
Thursday, June 25, 2026

More

    ਦੇਸ਼ ਵਿਆਪੀ ਚੱਕਾ ਜਾਮ ਦੀ ਤਿਆਰੀ ਲਈ ਜਨਤਕ ਜਥੇਬੰਦੀਆਂ ਵੱਲੋਂ ਲਾਮਬੰਦੀ ਸ਼ੁਰੂ

    ਅਸ਼ੋਕ ਵਰਮਾ
    ਬਠਿੰਡਾ, 30 ਅਕਤੂਬਰ2020: ਖੇਤੀ ਕਾਨੂੰਨਾਂ ਵਿਰੁੱਧ 5 ਨਵੰਬਰ ਨੂੰ ਮੁਲਕ ਵਿਆਪੀ ਚੱਕਾ ਜਾਮ ਦੇ ਪ੍ਰੋਗਰਾਮ ਦੀ ਸਫਲਤਾ ਲਈ ਅੱਜ ਲੰਬੀ ਡੱਬਵਾਲੀ ਖੇਤਰ ਦੀਆਂ ਜਥੇਬੰਦੀਆਂ ਵੱਲੋਂ ਬਣਾਈ  ਸਮਰਥਨ ਕਮੇਟੀ ਦੇ ਆਗੂਆਂ ਦੀ ਮੀਟਿੰਗ ਮੰਡੀ ਕਿੱਲਿਆਂਵਾਲੀ ਦੇ ਦੇਵੀ ਲਾਲ ਪਾਰਕ ਵਿੱਚ ਕੀਤੀ ਗਈ। ਮੀਟਿੰਗ ਨੂੰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬਿਜਲੀ ਮੁਲਾਜਮਾਂ ਦੇ ਆਗੂ ਸੁਖਦਰਸ਼ਨ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਆਗੂ ਡਾਕਟਰ ਮਹਿੰਦਰ ਸਿੰਘ ਖੁੱਡੀਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਜਾਤਾਂ, ਧਰਮਾਂ ਤੇ ਸੂਬਿਆਂ ਦੀਆਂ ਹੱਦਾਂ ਪਾਰ ਕਰਕੇ ਵਿਸ਼ਾਲ ਲੋਕਾਂ ਦੀ ਵਧ ਰਹੀ ਏਕਤਾ ਅਤੇ ਸੰਘਰਸ਼ੀ ਸਾਂਝ ਤੋਂ ਭੜਕਾਹਟ ‘ਚ ਆਕੇ ਮੋਦੀ ਸਰਕਾਰ ਬਦਲਾ ਲਊ ਭਾਵਨਾ ਤਹਿਤ ਪੰਜਾਬ ਦੀ ਨਾਕੇਬੰਦੀ ਕਰਨ ‘ਤੇ ਉੱਤਰ ਆਈ ਹੈ।
                                     ਉਹਨਾਂ ਆਖਿਆ ਕਿ ਪ੍ਰਦੂਸ਼ਣ ਨੂੰ ਰੋਕਣ ਦੇ ਨਾਂ ਹੇਠ ਪਰਾਲੀ ਸਾੜਨ ਵਾਲੇ ਕਿਸਾਨਾਂ ਜਾਂ ਹੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਵਰਗੇ ਆਰਡੀਨੈਂਸ ਅਸਲ ਚ ਕਿਸਾਨ ਘੋਲ ਦੀ ਬਾਂਹ ਮੋਰੜਨ ਦਾ ਕੋਝਾ ਯਤਨ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨ ਘੋਲ ਨੇ ਫਿਰਕੂ, ਜਾਤਪਾਤੀ, ਅੰਨ੍ਹੇ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਪੱਤੇ ਵਰਤ ਕੇ ਲੋਕਾਂ ‘ਚ ਪਾਟਕ ਪਾਉਣ ਦੀ ਚੈਂਪੀਅਨ ਭਾਜਪਾ ਤੇ ਆਰਐਸਐਸ ਦੀਆਂ ਸਭ ਚਾਲਾਂ ਫੇਲ ਕਰਕੇ ਮੋਦੀ ਸਰਕਾਰ ਨੂੰ ਅੰਡਾਨੀ ਅੰਬਾਨੀਆ ਤੇ ਕਾਰਪੋਰੇਟ ਘਰਾਣਿਆਂ ਦੀ ਹੱਥ ਠੋਕਾ ਹਕੂਮਤ ਵਜੋਂ ਸ਼ਰੇਆਮ ਬੇਪਰਦ ਕਰ ਦਿੱਤਾ ਹੈ। ਜਥੇਬੰਦੀਆਂ ਨੇ 5 ਨਵੰਬਰ ਦੇ ਚੱਕਾ ਜਾਮ ਦੀ ਸਫਲਤਾ ਲਈ ਪਿੰਡਾਂ ਸ਼ਹਿਰਾਂ ਤੇ ਕਸਬਿਆਂ ‘ਚ ਮੀਟਿੰਗਾਂ ਰੈਲੀਆਂ ਅਤੇ ਮਾਰਚਾਂ ਰਾਹੀਂ ਜੋਰਦਾਰ ਜਨਤਕ  ਮੁਹਿੰਮ ਵਿੱਢਣ ਦਾ ਵੀ ਫੈਸਲਾ ਲਿਆ।
                       ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ ਨੇ ਭਰਾਤਰੀ ਜਥੇਬੰਦੀਆਂ ਵੱਲੋਂ ਸਮਰਥਨ ਕਮੇਟੀ ਦਾ ਗਠਨ ਕਰਕੇ ਦੁਸਹਿਰੇ ਮੌਕੇ ਖੇਤੀ ਕਾਨੂੰਨਾਂ ਵਿਰੁੱਧ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੀ ਤਿੱਕੜੀ ਦੇ ਪੁਤਲੇ ਫੂਕਣ ਸਮੇਂ ਲਾਮਿਸਾਲ ਲਾਮਬੰਦੀ ਕਰਨ ਚ ਵੱਡਾ ਯੋਗਦਾਨ ਪਾਉਣ ਦੀ ਸ਼ਲਾਘਾ ਕਰਦਿਆਂ ਵੱਡੀ ਗਿਣਤੀ ਚ ਪੁੱਜੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਪੇਂਡੂ ਲੋਕਾਂ ਦਾ  ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਮੋਦੀ ਸਰਕਾਰ ਦੇ ਭੈੜੇ ਮਨਸੂਬਿਆਂ ਨੂੰ ਹਰ ਕੁਰਬਾਨੀ ਦੇ ਭਾਂਜ ਦੇਣਗੇ। ਇਸ ਮੌਕੇ ਡੀ ਟੀ ਐਫ ਦੇ ਕੁਲਦੀਪ ਖੁੱਡੀਆਂ, ਤਰਕਸ਼ੀਲ ਸੁਸਾਇਟੀ ਦੇ ਜਗਤਾਰ ਸਿੰਘ, ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ, ਡੱਬਵਾਲੀ ਤੋਂ ਕਿਸਾਨ ਮਨਦੀਪ ਸਿੰਘ ਤੇ ਰਸ਼ਪਿੰਦਰ ਸਿੰਘ, ਖੇਤ ਮਜਦੂਰ ਆਗੂ ਰਾਮਪਾਲ ਗੱਗੜ ਸਮੇਤ ਮਨੋਹਰ ਸਿੰਘ ਸਿੱਖਾਂਵਾਲਾ ਅਤੇ ਜਗਦੀਸ਼ ਕੁਮਾਰ ਮਹਿਣਾ ਵੀ ਮੌਜੂਦ ਸਨ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!