7.6 C
United Kingdom
Friday, October 23, 2026

More

    ਔਰਤਾਂ ‘ਤੇ ਹੋ ਰਹੇ ਜੁਲਮਾਂ ਖਿਲਾਫ ਯੋਗੀ ਸਰਕਾਰ ਦੀ ਅਰਥੀ ਫੂਕੀ

    ਅਸ਼ੋਕ ਵਰਮਾ
    ਮਾਨਸਾ,29ਅਕਤੂਬਰ2020: ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਅਣਮਿੱਥੇ ਸਮੇਂ ਦੇ ਅੰਦੋਲਨ ਤੇ ਧਰਨੇ ਦੇ 29ਵੇਂ ਦਿਨ ਅੱਜ ਦੇਸ਼ ਵਿੱਚ ਔਰਤਾਂ ਅਤੇ ਦਲਿਤਾਂ ਉੱਤੇ ਹੋ ਰਹੇ ਘਿਣਾਉਣੇ ਸਮਾਜਿਕ ਜਬਰ ਅਤੇ ਖਾਸਕਰ ਹਾਥਰਸ ਕਾਂਡ ਦੇ ਵਿਰੋਧ ਨੂੰ ਸਮਰਪਿਤ ਰਿਹਾ। ਧਰਨੇ ਵਿੱਚ ਔਰਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਬਚਾਉਣ ਲਈ ਵਰਤੇ ਹੱਥਕੰਡਿਆਂ ਦੇ ਵਿਰੋਧ ਵਿੱਚ ਯੋਗੀ ਸਰਕਾਰ ਦੀ ਅਰਥੀ ਫੂਕੀ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਕਿਹਾ ਕਿ ਇੱਕ ਦਲਿਤ ਗਰੀਬ ਕਿਸਾਨ ਦੀ ਬੇਟੀ ਦੀ ਮੌਤ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ ਜਿਸ ਨੂੰ ਬਲਾਤਕਾਰ ਕਰਨ ਉਪਰੰਤ ਬੁਰੀ ਤਰਾਂ ਜਖਮੀ ਕਰਕੇ ਸੁੱਟ ਦਿੱਤਾ ਗਿਆ ਸੀ।
                           ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀ ਦੁਸ਼ਮਣ ਅਤੇ ਘੋਰ ਜਾਤੀਵਾਦੀ ਯੋਗੀ ਸਰਕਾਰ ਦੀਆਂ ਹਦਾਇਤਾਂ ਤਹਿਤ ਜਿੱਥੇ ਡਾਕਟਰਾਂ ਨੇ ਝੂਠੀਆਂ ਮੈਡੀਕਲ ਰਿਪੋਰਟਾਂ ਦਿੱਤੀਆਂ ਉੱਥੇ ਪੁਲੀਸ ਨੇ ਉਸਦੀ ਲਾਸ਼ ਪਰਿਵਾਰ ਨੂੰ ਦੇਣ ਦੀ ਬਜਾਏ ਅੱੱਧੀ ਰਾਤ ਨੂੰ ਜਬਰੀ ਫੂਕ ਦਿੱਤਾ, ਤਾਂ ਜੋ ਬਲਾਤਕਾਰੀਆਂ ਤੇ ਕਾਤਲਾਂ ਨੂੰ ਬਚਾਇਆ ਜਾ ਸਕੇ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਤੇ ਪੁਲੀਸ ਵੱਲੋਂ ਉਲਟਾ ਪੀੜਤ ਪਰਿਵਾਰ ਨੂੰ ਹੀ ਅਪਮਾਨਤ ਕੀਤਾ ਜਾ ਰਿਹਾ ਹੈ ਅਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਦੇ ਵਿਰੋਧ ਵਿੱਚ ਅੱਜ ਦੇਸ਼ ਦੀਆਂ ਦਰਜਨਾਂ ਔਰਤਾਂ ਜਥੇਬੰਦੀਆਂ ਦੇ ਸੱਦੇ ਤੇ ‘ਜੇਕਰ ਅਸੀਂ ਨਾ ਉੱਠੇ ਤਾਂ.’ ਦੇ ਨਾਹਰੇ ਤਹਿਤ ਦੇਸ਼ ਭਰ ਵਿੱਚ ਰੋਸ ਦਿਵਸ ਮਨਾਇਆ ਜਾ ਰਿਹਾ ਹੈ।
                     ਏਪਵਾ ਦੀ ਆਗੂ ਐਡਵੋਕੇਟ ਬਲਵੀਰ ਕੌਰ ਨੇ ਆਖਿਆ ਕਿ ਬੇਸ਼ੱਕ ਯੂ.ਪੀ. ਦਾ ਉਕਤ ਹਾਥਰਸ ਕਾਂਡ ਹੋਵੇ, ਪੰਜਾਬ ਵਿੱਚ ਟਾਂਡਾ ਨੇੜੇ ਮਾਸੂਮ ਬੱਚੀ ਨੂੰ ਬਲਾਤਕਾਰ ਤੋ ਬਾਅਦ ਕਤਲ ਕਰਨ ਦੀ ਘਿਨਾਉਣੀ ਘਟਨਾ ਹੋਵੇ ਜਾਂ ਹਰਿਆਣਾ ਦੇ ਕਰਨਾਲ ਵਿੱਚ ਪੁਲੀਸ ਹਿਰਾਸਤ ਵਿੱਚ ਕੀਤੇ ਸਮੂਹਿਕ ਬਲਾਤਕਾਰ ਦੀ ਘਟਨਾ ਹੋਵੇ,ਔਰਤਾਂ ਅਤੇ ਕਿਸਾਨ ਜਥੇਬੰਦੀਆਂ ਬਿਨਾਂ ਸੂਬੇ, ਜਾਤ ਜਾਂ ਧਰਮ ਦਾ ਫਰਕ ਕਰਨ ਦੇ ਅਜਿਹੇ ਹਰ ਜੁਰਮ ਦਾ ਡੱਟਕੇ ਵਿਰੋਧ ਕਰਦੀਆਂ ਹਨ।ਉਨਾਂ ਕਿਹਾ ਕਿ ਜਸਟਿਸ ਵਰਮਾਂ ਦੀ 2013 ਦੀ ਰਿਪੋਰਟ ਮੁਤਾਬਿਕ ਸਰਕਾਰ ਅਤੇ ਪੁਲੀਸ ਨੂੰ ਬੱਚੀਆਂ ਅਤੇ ਔਰਤਾਂ ਉੱਤੇ ਹੁੰਦੇ ਜੁਲਮਾਂ ਖਿਲਾਫ ਵੱਧ ਚੌਕਸ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਫਾਸਟ ਟਰੈਕ ਅਦਾਲਤੀ ਕਾਰਵਾਈ ਜਰੀਏ ਦੋਸ਼ੀਆਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਸਜਾਂ ਦਿੱਤੀ ਜਾਣੀ ਚਾਹੀਦੀ ਹੈ।
    ਇਸਤਰੀ ਸਭਾ ਦੀ ਸੂਬੇ ਦੀ ਆਗੂ ਐਡਵੋਕੇਟ ਰੇਖਾ ਸ਼ਰਮਾ ਨੇ ਕਿਹਾ ਕਿ ਔਰਤਾਂ ਤੇ ਜੁਲਮ ਕਰਨ ਅਤੇ ਉਹਨਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਦਿੱਤੀ ਜਾਵੇ। ਨਰਿੰਦਰ ਕੌਰ ਬੁਰਜ ਹਮੀਰਾ ਨੇ ਲੱਚਰ ਸਹਿਤ, ਲੱਚਰ ਗਾਇਕੀ ਤੇ ਰੋਕ ਲਾਉਣ ਦੀ ਮੰਗ ਕੀਤੀ। ਅੱਜ 29ਵੇਂ ਦਿਨ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਏਸ਼ਨ ਜਿਲਾ ਮਾਨਸਾ ਵੱਲੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਮੁਫਤ ਮੁੱਢਲੀਆਂ ਸਿਹਤ ਸੇਵਾਵਾਂ ਜਾਰੀ ਹਨ।ਅੱਜ ਦੇ ਕੌਮੀ ਵਿਰੋਧ ਦਿਵਸ ਮੌਕੇ ਬਲਵਿੰਦਰ ਕੌਰ ਬੈਰਾਗੀ , ਗੁਰਪ੍ਰੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਅਤਲਾ ਕਲਾਂ, ਕੁਲਵਿੰਦਰ ਕੌਰ ਅਕਲੀਆਂ, ਜਸਵਿੰਦਰ ਕੌਰ ਮਾਖਾ, ਸੰਦੀਪ ਕੌਰ, ਪੁਸ਼ਪਿੰਦਰ ਕੌਰ ਚੋਹਾਨ, ਏਕਮਜੋਤ ਕੌਰ ਮੰਦਰਾਂ, ਜੀਤ ਕੌਰ ਅਲੀਸ਼ੇਰ, ਦਲੀਪ ਕੌਰ ਹੀਰੋ ਕਲਾਂ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!