ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 28 ਅਕਤੂਬਰ 2020
ਭਾਰਤੀ ਵਿਅਕਤੀ ਦੁਨੀਆਂ ਵਿੱਚ ਕਿਤੇ ਵੀ ਹੋਣ ਕਿਸੇ ਨਾਂ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਆ ਹੀ ਜਾਂਦੇ ਹਨ। ਅਮਰੀਕਾ ਵਿੱਚ ਹੁਣ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਕਾਰ ਦੀ ਚੋਰੀ ਕਰਕੇ ਆਪਣੇ ਲਈ ਖਬਰਾਂ ਵਟੋਰੀਆਂ ਹਨ। ਹਰਦੇਵ ਸਿੰਘ ਨਾਮ ਦੇ ਇਸ ਵਿਅਕਤੀ ਨੇ ਸੋਮਵਾਰ ਨੂੰ ਮਰਸੀਡ ਵਿੱਚ ਇੱਕ ਕਾਰ ਨੂੰ ਰਾਸਤੇ ਵਿੱਚੋਂ ਬੱਚੇ ਸਮੇਤ ਚੁਰਾ ਲਿਆ। ਉਸ ਨੂੰ ਹਿਰਾਸਤ ਵਿੱਚ ਲੈਣ ਲਈ
ਚੌਅਚਿਲਾ ਅਤੇ ਮਰਸੀਡ ਦੀ ਪੁਲਿਸ ਨੇ ਮਿਲ ਕੇ ਕੰਮ ਕੀਤਾ। ਮਰਸੀਡ ਪੁਲਿਸ ਵਿਭਾਗ ਦੇ ਕੈਪਟਨ ਜੇ ਸਟਰੂਬਲ ਅਨੁਸਾਰ ਬੱਚੀ ਦੀ ਮਾਂ ਨੇ ਕਾਰ ਨੂੰ ਰੋਕਣ ਦਾ ਪਿੱਛਾ ਵੀ ਕੀਤਾ ਪਰ ਅਸਫਲ ਰਹੀ। ਪਰ ਕੁੱਝ ਸਮੇਂ ਬਾਅਦ ਬੱਚੀ ਜਿਸਦਾ ਨਾਮ ਜੈਸੀ ਸਨਚੇਜ਼ ਹੈ ਨੂੰ ਦੋਸ਼ੀ ਕਾਰ ਸਮੇਤ ਅਲਰਟ ਜਾਰੀ ਕਰਨ ਤੋਂ ਤੁਰੰਤ ਬਾਅਦ ਇੱਕ ਗੈਸ ਸਟੇਸ਼ਨ ‘ਤੇ ਛੱਡ ਗਿਆ। ਉਸ ਵਕਤ ਬੱਚੀ ਇਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਕਾਰ ਵਿਚ ਇਕੱਲੀ ਰਹੀ ਸੀ ਪਰ ਫਿਰ ਉਹ ਸਹੀ ਸਲਾਮਤ ਘਰ ਪਹੁੰਚ ਗਈ ਸੀ। ਅਗਲੇ ਦਿਨ ਹਰਦੇਵ ਸਿੰਘ ਨੂੰ ਗੈਸ ਸ਼ਟੇਸ਼ਨ ਦੇ ਨੇੜਿਓਂ ਹੀ ਗ੍ਰਿਫਤਾਰ ਕਰ ਲਿਆ ਗਿਆ।ਉਹ ਹੁਣ ਮਰਸੀਡ ਕਾਉਂਟੀ ਜੇਲ੍ਹ ਵਿਚ ਹੈ। ਪੁਲਿਸ ਦੁਆਰਾ ਪੁੱਛ-ਪੜਤਾਲ ਕਰਨ ਤੇ ਉਸਨੇ ਸਾਰੀ ਘਟਨਾ ਦਾ ਇਕਬਾਲ ਕਰਦਿਆਂ ਦੱਸਿਆ ਕਿ ਉਹ ਰਿਚਮੰਡ ਤੋਂ ਫਰਿਜ਼ਨੋ ਜਾ ਰਿਹਾ ਸੀ ਅਤੇ ਉਸਦੇ ਡਰਾਈਵਰ ਨਾਲ ਲੜਾਈ ਹੋਣ ਤੋਂ ਬਾਅਦ ਯਾਤਰਾ ਨੂੰ ਪੂਰਾ ਕਰਨ ਲਈ ਉਸਨੇ ਇੱਕ ਕਾਰ ਚੋਰੀ ਕਰਨ ਦਾ ਫੈਸਲਾ ਕੀਤਾ। ਅਧਿਕਾਰੀਆਂ ਅਨੁਸਾਰ ਉਸ ਦਾ ਬੱਚੇ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।